ਬ੍ਰੈਗਜ਼ਿਟ ਦੇ ਸਮਰਥਨ ''ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕੀਤਾ ਮਾਰਚ

Sunday, Dec 09, 2018 - 11:15 PM (IST)

ਬ੍ਰੈਗਜ਼ਿਟ ਦੇ ਸਮਰਥਨ ''ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕੀਤਾ ਮਾਰਚ

ਲੰਡਨ— ਯੂਰਪੀ ਸੰਘ (ਈਯੂ) ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਸਮਝੌਤੇ 'ਤੇ ਸੰਸਦ 'ਚ ਅਹਿਮ ਵੋਟਿੰਗ ਤੋਂ ਪਹਿਲਾਂ ਸਖਤ ਸੁਰੱਖਿਆ ਵਿਚਾਲੇ ਬ੍ਰੈਗਜ਼ਿਟ ਦੇ ਸਮਰਥਨ 'ਚ ਹਜ਼ਾਰਾਂ ਦੀ ਤਦਾਦ 'ਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਮਾਰਚ ਕੀਤਾ। ਬ੍ਰੈਗਜ਼ਿਟ ਸਮਰਥਨ ਮਾਰਚ ਤੇ ਬ੍ਰੈਗਜ਼ਿਟ ਵਿਰੋਧੀ ਮਾਰਚ ਇਕੋ ਵੇਲੇ ਹੋਏ ਪਰ ਵੱਖ-ਵੱਖ ਰਸਤਿਆਂ ਤੋਂ ਲੰਘੇ। ਯੂਰਪੀ ਸੰਧ ਤੋਂ ਬ੍ਰਿਟੇਨ ਦੇ ਵੱਖ ਹੋਣ ਨੂੰ ਬ੍ਰੈਗਜ਼ਿਟ ਕਿਹਾ ਜਾਂਦਾ ਹੈ।

ਇਸ ਤੋਂ ਪਹਿਲਾਂ ਮੈਟ੍ਰੋਪੋਲਿਟਨ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਪੁਲਸ ਨੇ ਸੰਕੇਤ ਦਿੱਤਾ ਕਿ ਹਫਤੇ ਦੇ ਅਖੀਰ 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਏ 'ਯੈਲੋ ਵੈਸਟ' ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਉਹ ਕੋਈ ਜੋਖਿਮ ਨਹੀਂ ਲਵੇਗੀ ਤੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਉਪ ਸਹਾਇਕ ਪੁਲਸ ਕਮਿਸ਼ਨਰ ਲਾਰੇਂਸ ਟੇਲਰ ਨੇ ਕਿਹਾ ਕਿ ਸਾਡੇ ਲੋਕਤੰਤਰੀ ਸਮਾਜ 'ਚ ਵਿਰੋਧ ਕਰਨ ਦਾ ਅਧਿਕਾਰ ਮੂਲ ਅਧਿਕਾਰ ਹੈ ਪਰ ਇਸ ਨੂੰ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਦੇ ਪ੍ਰਤੀ ਸੰਤੁਲਿਤ ਹੋਣਾ ਚਾਹੀਦਾ ਹੈ, ਜੋ ਹਿੰਸਾ ਜਾਂ ਅਵਿਵਸਥਾ ਦੇ ਡਰ ਤੋਂ ਬਗੈਰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਨੁਭਵਾਂ ਨੇ ਸਾਨੂੰ ਦੱਸਿਆ ਹੈ ਕਿ ਜਦੋਂ ਲਗਾਤਾਰ ਵਿਰੋਧੀ ਵਿਚਾਰ ਵਾਲੇ ਸਮੂਹਾਂ ਦਾ ਆਹਮਣਾ-ਸਾਹਮਣਾ ਹੁੰਦਾ ਹੈ ਬਲਕਿ ਲੰਬੇ ਸਮੇਂ ਤੱਕ ਹੁੰਦਾ ਹੈ।

ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੇ ਸਮਝੌਤੇ 'ਤੇ ਸੰਸਦ 'ਚ 11 ਦਸੰਬਰ ਨੂੰ ਵੋਟਿੰਗ ਹੋਣੀ ਹੈ। ਇਸ ਵਿਚਾਲੇ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਸਮਝੌਤੇ ਨੂੰ ਸੰਸਦ ਦੇ ਨਾਮੰਜ਼ੂਰ ਕਰਨ 'ਤੇ ਵਿਰੋਧੀ ਲੇਬਰ ਪਾਰਟੀ ਸੱਤਾ 'ਚ ਆ ਜਾਵੇਗੀ। ਬ੍ਰਿਟੇਨ ਦੇ ਅਗਲੇ ਸਾਲ 29 ਮਾਰਚ ਨੂੰ ਈਯੂ ਤੋਂ ਬਾਹਰ ਹੋਣ ਦਾ ਪ੍ਰੋਗਰਾਮ ਹੈ। ਇਸ 'ਤੇ ਦੋ ਸਾਲ ਪਹਿਲਾਂ ਬ੍ਰਿਟੇਨ 'ਚ ਰਾਇਸ਼ੁਮਾਰੀ ਹੋਈ ਸੀ।


author

Baljit Singh

Content Editor

Related News