ਯੂਰਪ ''ਚ ਚੋਰ ਲੈ ਉਡੇ 12 ਟਨ ਚਾਕਲੇਟ, ਬਾਜ਼ਾਰ ’ਚ ‘ਕਿਟਕੈਟ’ ਦੀ ਕਿੱਲਤ ਦਾ ਖ਼ਤਰਾ
Monday, Mar 30, 2026 - 04:28 AM (IST)
ਇੰਟਰਨੈਸ਼ਨਲ ਡੈਸਕ : ਮਸ਼ਹੂਰ ਚਾਕਲੇਟ ਬ੍ਰਾਂਡ ‘ਕਿਟਕੈਟ’ ਦੀ ਵੱਡੀ ਖੇਪ ਚੋਰੀ ਹੋਣ ਕਾਰਨ ਯੂਰਪ ਵਿਚ ਹੜਕੰਪ ਮਚ ਗਿਆ ਹੈ। ਕੰਪਨੀ ਮੁਤਾਬਕ ਕਰੀਬ 4,13,793 ਕਿਟਕੈਟ ਬਾਰ ਨਾਲ ਭਰਿਆ ਇਕ ਟਰੱਕ ਟ੍ਰਾਂਜ਼ਿਟ ਦੌਰਾਨ ਗਾਇਬ ਹੋ ਗਿਆ, ਜਿਸ ਨਾਲ ਬਾਜ਼ਾਰ ਵਿਚ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਚਾਕਲੇਟ ਬ੍ਰਾਂਡ ਸਵਿਸ ਫੂਡ ਕੰਪਨੀ ਨੈਸਲੇ ਦੀ ਮਲਕੀਅਤ ਹੈ। ਕੰਪਨੀ ਨੇ ਦੱਸਿਆ ਕਿ ਚੋਰੀ ਹੋਈ ਖੇਪ ਦਾ ਕੁੱਲ ਭਾਰ ਕਰੀਬ 12 ਟਨ ਸੀ, ਜੋ ਪਿਛਲੇ ਹਫ਼ਤੇ ਉਤਪਾਦਨ ਕੇਂਦਰ ਤੋਂ ਸਪਲਾਈ ਲਈ ਭੇਜੀ ਗਈ ਸੀ।
ਈਸਟਰ ਤੋਂ ਪਹਿਲਾਂ ਵਧੀ ਚਿੰਤਾ
ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਘਟਨਾ ਕਾਰਨ ਈਸਟਰ ਤੋਂ ਪਹਿਲਾਂ ਦੁਕਾਨਾਂ ’ਚ ‘ਕਿਟਕੈਟ’ ਦੀ ਕਮੀ ਹੋ ਸਕਦੀ ਹੈ। ਅਜਿਹੇ ਸਮੇਂ ਜਦੋਂ ਚਾਕਲੇਟ ਦੀ ਮੰਗ ਵਧ ਜਾਂਦੀ ਹੈ, ਇਹ ਚੋਰੀ ਸਪਲਾਈ ਚੇਨ ’ਤੇ ਵੱਡਾ ਅਸਰ ਪਾ ਸਕਦੀ ਹੈ। ਜਾਣਕਾਰੀ ਅਨੁਸਾਰ ਟਰੱਕ ਮੱਧ ਇਟਲੀ ਤੋਂ ਪੋਲੈਂਡ ਵੱਲ ਜਾ ਰਿਹਾ ਸੀ ਅਤੇ ਰਸਤੇ ਵਿਚ ਕਈ ਯੂਰਪੀਅਨ ਦੇਸ਼ਾਂ ਵਿਚ ਇਸ ਖੇਪ ਦੀ ਸਪਲਾਈ ਕੀਤੀ ਜਾਣੀ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਚੋਰੀ ਅਸਲ ’ਚ ਕਿੱਥੇ ਹੋਈ।
ਸਥਾਨਕ ਪ੍ਰਸ਼ਾਸਨ ਵਲੋਂ ਜਾਂਚ ਜਾਰੀ
ਕੰਪਨੀ ਨੇ ਕਿਹਾ ਕਿ ਟਰੱਕ ਅਤੇ ਉਸ ਵਿਚ ਭਰੀ ਚਾਕਲੇਟ ਹਾਲੇ ਤੱਕ ਲਾਪਤਾ ਹਨ। ਮਾਮਲੇ ਦੀ ਜਾਂਚ ਸਥਾਨਕ ਪ੍ਰਸ਼ਾਸਨ ਅਤੇ ਸਪਲਾਈ ਚੇਨ ਪਾਰਟਨਰਜ਼ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਕੰਪਨੀ ਨੇ ਖਦਸ਼ਾ ਜਤਾਇਆ ਹੈ ਕਿ ਚੋਰੀ ਹੋਈ ਚਾਕਲੇਟ ਯੂਰਪ ਦੇ ਗੈਰ-ਸਰਕਾਰੀ ਬਾਜ਼ਾਰਾਂ ’ਚ ਵੇਚੀ ਜਾ ਸਕਦੀ ਹੈ। ਇਸ ਦੀ ਪਛਾਣ ਹਰ ਬਾਰ ’ਤੇ ਮੌਜੂਦ ਯੂਨੀਕ ਬੈਚ ਕੋਡ ਰਾਹੀਂ ਕੀਤੀ ਜਾ ਸਕਦੀ ਹੈ।
ਕੰਪਨੀ ਦੇ ਬੁਲਾਰੇ ਨੇ ਮਜ਼ਾਕੀਆ ਲਹਿਜੇ ਵਿਚ ਕਿਹਾ ਕਿ ਅਸੀਂ ਹਮੇਸ਼ਾ ਲੋਕਾਂ ਨੂੰ ਕਹਿੰਦੇ ਹਾਂ ‘ਹੈਵ ਅ ਬ੍ਰੇਕ’ ਪਰ ਲਗਦਾ ਹੈ ਚੋਰਾਂ ਨੇ ਇਸ ਸੰਦੇਸ਼ ਨੂੰ ਕੁਝ ਜ਼ਿਆਦਾ ਹੀ ਗੰਭੀਰਤਾ ਨਾਲ ਲੈ ਲਿਆ ਹੈ।
