ਬ੍ਰਿਟੇਨ ਸਣੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਦੀ ਦੂਜੀ ਲਹਿਰ ''ਤੇ ਕਾਬੂ ਕਰਨ ਲਈ ਐਲਾਨੀ ਤਾਲਾਬੰਦੀ

11/01/2020 2:09:07 AM

ਲੰਡਨ- ਬ੍ਰਿਟੇਨ ਸਣੇ ਫਰਾਂਸ ਤੇ ਆਸਟ੍ਰੀਆ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਤੇ ਕਾਬੂ ਕਰਨ ਲਈ ਆਪਣੇ ਦੇਸ਼ਾਂ ਵਿਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਨਫਕੈਸ਼ਨ ਦੇ ਮਾਮਲਿਆਂ ਨੂੰ ਕਾਬੂ ਕਰਨ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਨਾਲ ਚਾਰ ਹਫਤਿਆਂ ਲਈ ਤਾਲਾਬੰਦੀ ਐਲਾਨ ਕੀਤੀ ਜਾ ਰਹੀ ਹੈ। ਤਾਲਾਬੰਦੀ ਦੌਰਾਨ ਰੈਸਟੋਰੈਂਟ ਅਤੇ ਬਾਰ ਚਾਰ ਹਫਤਿਆਂ ਲਈ ਬੰਦ ਰਹਿਣਗੇ ਅਤੇ ਸਭਿਆਚਾਰਕ, ਖੇਡ ਅਤੇ ਹੋਰ ਗਤੀਵਿਧੀਆਂ ਵੀ ਰੱਦ ਰਹਿਣਗੀਆਂ। ਇਸ ਦੌਰਾਨ ਸਿਰਫ ਬਹੁਤ ਜ਼ਰੂਰੀ ਕੰਮਾਂ ਨੂੰ ਹੀ ਛੋਟ ਰਹੇਗੀ।

ਆਸਟ੍ਰੀਆ ਦੇ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਕਿਹਾ ਕਿ ਪਾਬੰਦੀਆਂ ਮੰਗਲਵਾਰ ਨੂੰ ਸ਼ੁਰੂ ਹੋਣਗੀਆਂ ਅਤੇ ਨਵੰਬਰ ਦੇ ਅੰਤ ਤੱਕ ਪ੍ਰਭਾਵੀ ਰਹਿਣਗੀਆਂ। ਤਾਲਾਬੰਦੀ ਕਾਰਣ ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ ਨੂੰ 80 ਫੀਸਦੀ ਤੱਕ ਦੀ ਮਦਦ ਦੀ ਵਿਵਸਥਾ ਕੀਤੀ ਜਾ ਰਹੀ ਹੈ ਪਰ ਸ਼ਰਤ ਇਹ ਹੈ ਕਿ ਉਨ੍ਹਾਂ ਦੇ ਕਰਮਚਾਰੀ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਨਵੀਆਂ ਪਾਬੰਦੀਆਂ ’ਚ ਕਰਫਿਊ ਵੀ ਸ਼ਾਮਲ ਹੈ ਜਿਸ ਦੇ ਤਹਿਤ ਆਸਟ੍ਰੀਆ ਦੇ ਲੋਕਾਂ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਘਰਾਂ ’ਚ ਹੀ ਰਹਿਣਾ ਹੋਵੇਗਾ। ਕੁਰਜ਼ ਨੇ ਕਿਹਾ ਕਿ ਕਰਫਿਊ ਦਾ ਮਕਸੱਦ ਯਾਤਰਾ ’ਤੇ ਰੋਕ ਲਗਾਉਣਾ ਅਤੇ ਨਿੱਜੀ ਪਾਰਟੀਆਂ ਨੂੰ ਰੋਕਣਾ ਹੈ ਜੋ ਵਾਇਰਸ ਦੇ ਕਹਿਰ ਦਾ ਕਾਰਣ ਬਣਦੀਆਂ ਹਨ।

ਫਰਾਂਸ ਸਰਕਾਰ ਨੇ ਵੀ ਬੀਤੇ ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਫਿਰ ਤੋਂ ਹੋ ਰਹੀ ਤੇਜ਼ੀ ਤੋਂ ਬਾਅਦ ਦੇਸ਼ ’ਚ ਚਾਰ ਹਫਤਿਆਂ ਦੀ ਤਾਲਾਬੰਦੀ ਲਗਾਈ ਹੈ। ਤਾਲਾਬੰਦੀ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੜਕਾਂ ’ਤੇ ਘੱਟ ਹੀ ਲੋਕ ਨਜ਼ਰ ਆਏ। ਸੱਤ ਮਹੀਨਿਆਂ ’ਚ ਦੂਜੀ ਵਾਰ ਸ਼ੁੱਕਰਵਾਰ ਤੋਂ ਲਾਗੂ ਤਾਲਾਬੰਦੀ ਤਹਿਤ ਲੋਕਾਂ ਨੂੰ ਘਰਾਂ ’ਚ ਰਹਿਣ ਨੂੰ ਕਿਹਾ ਗਿਆ ਹੈ ਅਤੇ ਬਾਹਰ ਨਿਕਲਣ ’ਤੇ ਜੁਰਮਾਨਾ ਜਾਂ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਸਰਤ ਲਈ ਇਕ ਘੰਟਾ ਬਾਹਰ ਨਿਕਲਣ ਜਾਂ ਇਲਾਜ ਜਾਂ ਜ਼ਰੂਰੀ ਚੀਜ਼ਾਂ ਲਈ ਦੁਕਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬਿ੍ਰਟੇਨ ’ਚ ਵੀ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਅਤੇ ਇਹ ਵਾਇਰਸ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਿਹਾ ਹੈ। ਕੋਰੋਨਾ ’ਤੇ ਕਾਬੂ ਪਾਉਣ ਲਈ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਇਕ ਮਹੀਨੇ ਲਈ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਨਵੀਆਂ ਪਾਬੰਦੀਆਂ ਤਹਿਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੇ ਅਕਾਦਮਿਕ ਸੰਸਥਾਵਾਂ ਨੂੰ ਛੱਡ ਕੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਪਾਬੰਦੀਆਂ ਨਵੇਂ ਸਾਲ ਤੱਕ ਲਾਗੂ ਰਹਿ ਸਕਦੀਆਂ ਹਨ। ਬਿ੍ਰਟੇਨ ’ਚ ਅੱਜ ਕੋਰੋਨਾ ਦੇ 21,915 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਬਿ੍ਰਟੇਨ ’ਚ 10,11,660 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 46,555 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


Karan Kumar

Content Editor

Related News