ਬ੍ਰੈਗਜ਼ਿਟ ਗੱਲਬਾਤ: ਸੰਸਦ ਮੈਂਬਰਾਂ ਤੋਂ ਹੋਰ ਸਮਾਂ ਮੰਗੇਗੀ ਥੇਰੇਸਾ
Tuesday, Feb 12, 2019 - 06:29 PM (IST)
ਲੰਡਨ— ਪ੍ਰਧਾਨ ਮੰਤਰੀ ਥੇਰੇਸਾ ਮੇਅ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਅਪੀਲ ਕਰੇਗੀ ਕਿ ਬ੍ਰੈਗਜ਼ਿਟ ਕਰਾਰ 'ਤੇ ਯੂਰਪੀ ਸੰਘ ਦੇ ਅਧਿਕਾਰੀਆਂ ਨਾਲ ਗੱਲਬਾਤ ਲਈ ਉਨ੍ਹਾਂ ਨੂੰ ਹੋਰ ਸਮੇਂ ਦਿੱਤਾ ਜਾਵੇ। ਉਹ ਸੰਸਦ ਮੈਂਬਰਾਂ ਨੂੰ ਕਹੇਗੀ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਥੋੜਾ ਸੱਜਮ ਰੱਖਣਾ ਚਾਹੀਦਾ ਹੈ।
ਥੇਰੇਸਾ ਬ੍ਰਸਲਸ ਤੇ ਡਬਲਿਨ 'ਚ ਆਪਣੀਆਂ ਹਾਲ ਦੀਆਂ ਬੈਠਕਾਂ ਦੇ ਬਾਰੇ 'ਚ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਵੇਗੀ। ਇਨ੍ਹਾਂ ਬੈਠਕਾਂ ਦਾ ਮਕਸਦ ਈ.ਯੂ. ਤੋਂ ਬ੍ਰਿਟੇਨ ਦੇ ਬਾਹਰ ਹੋਣ ਨਾਲ ਜੁੜੇ ਸਮਝੌਤੇ ਨੂੰ ਆਖਰੀ ਰੂਪ ਦੇਣਾ ਹੈ। ਬ੍ਰਿਟੇਨ 29 ਮਾਰਚ ਨੂੰ ਈ.ਯੂ. ਤੋਂ ਰਸਮੀ ਰੂਪ ਨਾਲ ਵੱਖ ਹੋ ਸਕਦਾ ਹੈ। ਪ੍ਰਧਾਨ ਮੰਤਰੀ ਦੇ ਡਾਊਨਿੰਗ ਸਟ੍ਰੀਟ ਮੌਜੂਦ ਦਫਤਰ ਨੇ ਥੇਰੇਸਾ ਵਲੋਂ ਸੰਸਦ 'ਚ ਦਿੱਤੇ ਜਾਣ ਵਾਲੇ ਬਿਆਨ ਦੇ ਕੁਝ ਹਿੱਸੇ ਜਾਰੀ ਕੀਤੇ ਹਨ, ਜਿਨ੍ਹਾਂ ਦੇ ਮੁਤਾਬਕ ਉਹ ਸੰਸਦ ਮੈਂਬਰਾਂ ਨੂੰ ਕਹੇਗੀ ਕਿ ਗੱਲਬਾਤ ਫੈਸਲੇ ਦੇ ਨੇੜੇ ਹੈ।
ਸੰਸਦ ਮੈਂਬਰਾਂ ਨੇ ਪਿਛਲੇ ਮਹੀਨੇ ਥੇਰੇਸਾ ਤੇ ਈ.ਯੂ. ਦੇ ਵਿਚਾਲੇ ਹੋਏ ਕਰਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਅਜਿਹੇ ਬਦਲਾਅ ਕਰਨਾ ਚਾਹ ਰਹੀ ਹੈ, ਜਿਸ ਨਾਲ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਨੂੰ ਸੰਤੁਸ਼ਟ ਕੀਤਾ ਜਾ ਸਕੇ। ਥੇਰੇਸਾ ਸੰਸਦ ਮੈਂਬਰਾਂ ਨੂੰ ਕਹਿਣ ਵਾਲੀ ਹੈ ਕਿ ਹੁਣ ਸਾਨੂੰ ਸਾਰਿਆਂ ਨੂੰ ਥੋੜਾ ਸੱਜਮ ਵਰਤਣ ਦੀ ਲੋੜ ਹੈ ਤਾਂਕਿ ਇਸ ਸਦਨ ਦੀ ਇੱਛਾ ਦੇ ਹਿਸਾਬ ਨਾਲ ਬਦਲਾਅ ਹੋ ਸਕੇ ਤੇ ਬ੍ਰੈਗਜ਼ਿਟ ਸਮੇਂ 'ਤੇ ਹੋ ਸਕੇ।
