ਗਾਜ਼ਾ ’ਚ ਲੜਾਈ ਖ਼ਤਮ, ਹੁਣ ਹਿਜ਼ਬੁੱਲਾ ਨਾਲ ਮੁਕਾਬਲਾ ਕਰਨ ਲਈ ਤਿਆਰ : ਨੇਤਨਯਾਹੂ

Tuesday, Jun 25, 2024 - 11:16 AM (IST)

ਯੇਰੂਸ਼ਲਮ (ਭਾਸ਼ਾ) - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ’ਚ ਹਮਾਸ ਖ਼ਿਲਾਫ਼ ਲੜਾਈ ਦਾ ਮੌਜੂਦਾ ਦੌਰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਦਾ ਮੁਕਾਬਲਾ ਕਰਨ ਲਈ ਉੱਤਰੀ ਸਰਹੱਦ ਵੱਲ ਆਪਣੇ ਹੋਰ ਫੌਜੀ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਇਨ੍ਹਾਂ ਟਿੱਪਣੀਆਂ ਨਾਲ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਤਣਾਅ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਉਹ ਜੰਗ ਦੇ ਨੇੜੇ ਪੁੱਜਦੇ ਦਿਖ ਰਹੇ ਹਨ। ਨੇਤਨਯਾਹੂ ਨੇ ਇਹ ਵੀ ਸੰਕੇਤ ਦਿੱਤਾ ਕਿ ਗਾਜ਼ਾ ’ਚ ਭਿਆਨਕ ਲੜਾਈ ਦਾ ਕੋਈ ਅੰਤ ਨਹੀਂ ਦਿਖ ਰਿਹਾ ਹੈ।

ਇਜ਼ਰਾਈਲੀ ਨੇਤਾ ਨੇ ਇਕ ਟੈਲੀਵਿਜ਼ਨ ਇੰਟਰਵਿਊ ’ਚ ਕਿਹਾ ਕਿ ਫੌਜ ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ’ਚ ਆਪਣੀ ਮੌਜੂਦਾ ਜ਼ਮੀਨੀ ਮੁਹਿੰਮ ਨੂੰ ਪੂਰਾ ਕਰਨ ਨੇੜੇ ਹੈ, ਜਿਸਦਾ ਮਤਲਬ ਇਹ ਨਹੀਂ ਕਿ ਹਮਾਸ ਖਿਲਾਫ ਜੰਗ ਖਤਮ ਹੋ ਗਈ ਹੈ ਪਰ ਉਨ੍ਹਾਂ ਕਿਹਾ ਕਿ ਗਾਜ਼ਾ ’ਚ ਘੱਟ ਫੌਜੀਆਂ ਦੀ ਜ਼ਰੂਰਤ ਪਵੇਗੀ, ਜਿਸ ਨਾਲ ਉਨ੍ਹਾਂ ਨੂੰ ਹਿਜ਼ਬੁੱਲਾ ਵਿਰੁੱਧ ਲੜਨ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਉੱਤਰ ਵੱਲ ਕੁਝ ਫੌਜੀ ਭੇਜਣ ਦੀ ਸੰਭਾਵਨਾ ਹੈ ਅਤੇ ਅਸੀਂ ਅਜਿਹਾ ਕਰਾਂਗੇ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਈਰਾਨ ਸਮਰਥਿਤ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਤੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਲਗਭਗ ਰੋਜ਼ਾਨਾ ਗੋਲੀਬਾਰੀ ਹੁੰਦੀ ਰਹੀ ਹੈ ਪਰ ਹਾਲ ਹੀ ਦੇ ਹਫ਼ਤਿਆਂ ’ਚ ਲੜਾਈ ਵਧ ਗਈ ਹੈ, ਜਿਸ ਨਾਲ ਇਕ ਹੋਰ ਜੰਗ ਸ਼ੁਰੂ ਹੋਣ ਦਾ ਖਤਰਾ ਹੈ।

ਤਣਾਅ ਨੂੰ ਘੱਟ ਕਰਨ ਲਈ ਵ੍ਹਾਈਟ ਹਾਊਸ ਦੇ ਰਾਜਦੂਤ ਅਮੋਸ ਹੋਚਸਟੀਨ ਦੀ ਪਿਛਲੇ ਹਫ਼ਤੇ ਇਜ਼ਰਾਈਲੀ ਅਤੇ ਲੇਬਨਾਨੀ ਅਧਿਕਾਰੀਆਂ ਨਾਲ ਮੁਲਾਕਾਤ ਦੇ ਬਾਵਜੂਦ ਲੜਾਈ ਜਾਰੀ ਹੈ।

ਗਾਜ਼ਾ ’ਚ ਜੰਗ ਖ਼ਤਮ ਕਰਨ ਲਈ ਕਿਸੇ ਸਮਝੌਤੇ ’ਤੇ ਸਹਿਮਤੀ ਨਹੀਂ

ਗਾਜ਼ਾ ’ਚ ਅੱਠ ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ ਦੇ ਸਮਰਥਨ ਵਾਲੇ ਪ੍ਰਸਤਾਵ ਦੀ ਸੰਭਾਵਨਾ ਨੂੰ ਲੈ ਕੇ ਸੋਮਵਾਰ ਨੂੰ ਸ਼ੱਕ ਦੇ ਬੱਦਲ ਮੰਡਰਾ ਗਏ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਸਿਰਫ ‘ਅੰਸ਼ਿਕ’ ਜੰਗਬੰਦੀ ਸਮਝੌਤੇ ਲਈ ਸਹਿਮਤ ਹੋਣ ਲਈ ਤਿਆਰ ਹੋਣਗੇ, ਜਿਸ ਨਾਲ ਜੰਗ ਖਤਮ ਨਹੀਂ ਹੋਵੇਗੀ।

ਨੇਤਨਯਾਹੂ ਦੀ ਇਸ ਟਿੱਪਣੀ ਨਾਲ ਹਮਾਸ ਵੱਲੋਂ ਬੰਦੀ ਬਣਾਏ ਗਏ ਲੋਕਾਂ ਦੇ ਪਰਿਵਾਰਾਂ ’ਚ ਗੁੱਸਾ ਫੈਲ ਗਿਆ ਹੈ। ਨੇਤਨਯਾਹੂ ਨੇ ਕਿਹਾ ਕਿ ਉਹ ਅੰਸ਼ਿਕ ਸਮਝੌਤੇ ਲਈ ਤਿਆਰ ਹਨ ਪਰ ਹਮਾਸ ਨੂੰ ਖਤਮ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੰਗ ਜਾਰੀ ਰੱਖਣ ਲਈ ਵਚਨਬੱਧ ਹਨ। ਮੈਂ ਇਸ ਨੂੰ ਛੱਡਣ ਲਈ ਤਿਆਰ ਨਹੀਂ ਹਾਂ।


Harinder Kaur

Content Editor

Related News