ਅਮਰੀਕਾ ਵੱਲੋਂ ਅਫਗਾਨ ਸ਼ਰਨਾਰਥੀਆਂ ਲਈ ਸ਼ੁਰੂ ਕੀਤਾ ਜਾਵੇਗਾ ਨਵਾਂ ਪ੍ਰੋਗਰਾਮ

Monday, Aug 02, 2021 - 11:49 PM (IST)

ਅਮਰੀਕਾ ਵੱਲੋਂ ਅਫਗਾਨ ਸ਼ਰਨਾਰਥੀਆਂ ਲਈ ਸ਼ੁਰੂ ਕੀਤਾ ਜਾਵੇਗਾ ਨਵਾਂ ਪ੍ਰੋਗਰਾਮ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਜੋਅ ਬਾਈਡੇਨ ਦਾ ਪ੍ਰਸ਼ਾਸਨ ਕੁਝ ਅਫਗਾਨਾਂ ਨੂੰ ਅਮਰੀਕਾ ’ਚ ਸ਼ਰਨਾਰਥੀਆਂ ਵਜੋਂ ਵਸਾਉਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰੇਗਾ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐਤਵਾਰ ਦੱਸਿਆ ਕਿ ਅਮਰੀਕੀ ਸਟੇਟ ਵਿਭਾਗ ਵੱਲੋਂ ਸੋਮਵਾਰ ਨੂੰ ਦੋ ਸ਼ਰਨਾਰਥੀ ਪ੍ਰੋਗਰਾਮ ਸ਼ੁਰੂ ਕਰਨ ਸਬੰਧੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਹ ਪ੍ਰੋਗਰਾਮ ਇਸ ਮਹੀਨੇ ਦੇ ਅਖੀਰ ’ਚ ਅਮਰੀਕੀ ਫੌਜਾਂ ਦੀ ਵਾਪਸੀ ਦੀ ਸਮਾਪਤੀ ਤੋਂ ਪਹਿਲਾਂ ਅਫਗਾਨਿਸਤਾਨ ’ਚ ਫੌਜੀਆਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਦੀ ਮੱਦਦ ਲਈ ਸ਼ੁਰੂ ਕੀਤਾ ਜਾਵੇਗਾ।

ਅਧਿਕਾਰੀ ਅਨੁਸਾਰ ਇਹ ਨਵਾਂ ਸ਼ਰਨਾਰਥੀ ਪ੍ਰੋਗਰਾਮ ਉਨ੍ਹਾਂ ਅਫਗਾਨਾਂ ਨੂੰ ਕਵਰ ਕਰੇਗਾ, ਜੋ ਯੂ. ਐੱਸ. ਵੱਲੋਂ ਫੰਡ ਪ੍ਰਾਪਤ ਪ੍ਰਾਜੈਕਟਾਂ, ਅਮਰੀਕਾ ਆਧਾਰਿਤ ਗੈਰ-ਸਰਕਾਰੀ ਸੰਸਥਾਵਾਂ ਅਤੇ ਮੀਡੀਆ ਆਊਟਲੈੱਟਸ ਲਈ ਕੰਮ ਕਰਦੇ ਸਨ। ਇਹ ਲੋਕ ਅਫਗਾਨ ਸਪੈਸ਼ਲ ਇਮੀਗ੍ਰੇਸ਼ਨ ਵੀਜ਼ਾ (ਐੱਸ. ਆਈ. ਵੀ.) ਪ੍ਰੋਗਰਾਮ ਲਈ ਯੋਗ ਨਹੀਂ ਹਨ, ਜਿਸ ’ਚ ਦੋਭਾਸ਼ੀਏ ਅਤੇ ਹੋਰ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ। ਇਸ ਨਵੇਂ ਅਫਗਾਨ ਪ੍ਰੋਗਰਾਮ ਲਈ ਬਿਨੈਕਾਰਾਂ ਦੀਆਂ ਅਰਜ਼ੀਆਂ ਨੂੰ ਅਮਰੀਕੀ ਏਜੰਸੀਆਂ, ਸੀਨੀਅਰ ਅਮਰੀਕੀ ਅਧਿਕਾਰੀਆਂ, ਗੈਰ-ਸਰਕਾਰੀ ਸੰਸਥਾਵਾਂ ਜਾਂ ਮੀਡੀਆ ਆਊਟਲੈੱਟਸ ਵੱਲੋਂ ਰੈਫਰ ਕਰਨ ਦੀ ਲੋੜ ਹੋਵੇਗੀ।


author

Manoj

Content Editor

Related News