ਅਫ਼ਗਾਨਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ਲਈ ਤਾਲਿਬਾਨ ਦੀ ਜਵਾਬਦੇਹੀ ਜ਼ਰੂਰੀ : HRW
Thursday, Dec 02, 2021 - 08:24 PM (IST)
ਨਿਊਯਾਰਕ : ਇਕ ਯੂ. ਐੱਸ. ਆਧਾਰਿਤ ਅਧਿਕਾਰ ਸਮੂਹ ਨੇ ਕਿਹਾ ਕਿ ਅਫ਼ਗਾਨਿਸਾਤਨ ਵਿਚ ਜਬਰਨ ਸੱਤਾ ਵਿਚ ਆਈ ਤਾਲਿਬਾਨ ਸਰਕਾਰ ਆਪਣੇ ਕਿਸੇ ਵੀ ਦਾਅਵੇ ’ਤੇ ਖਰੀ ਨਹੀਂ ਉੱਤਰੀ ਹੈ। ਤਾਲਿਬਾਨ ਦੇ ਜ਼ੁਲਮ ਰੋਕਣ ਤੇ ਬਿਨਾਂ ਭੇਦਭਾਵ ਸ਼ਾਸਨ ਦੇ ਦਾਅਵੇ ‘ਜਨਸੰਪਰਕ ਸਟੰਟ’ ਤੋਂ ਜ਼ਿਆਦਾ ਕੁਝ ਨਹੀਂ ਹਨ। ਸਮੂਹ ਨੇ ਕਿਹਾ ਕਿ ਇਸ ਲਈ ਤਾਲਿਬਾਨ ਦੀ ਜਵਾਬਦੇਹੀ ਤੈਅ ਹੋਵੇ ਤੇ ਸੰਯੁਕਤ ਰਾਸ਼ਟਰ ਅਫ਼ਗਾਨਿਸਤਾਨ ਦੀ ਮਨੁੱਖੀ ਅਧਿਕਾਰ ਸਥਿਤੀ ਦੀ ਲਗਾਤਾਰ ਜਾਂਚ ਕਰੇ। ਹਿਊਮਨ ਰਾਈਟਸ ਵਾਚ (ਐੱਚ. ਆਰ. ਡਬਲਯੂ.) ਦੇ ਸਹਿਯੋਗੀ ਏਸ਼ੀਆ ਨਿਰਦੇਸ਼ਕ ਪੇਟ੍ਰੀਸੀਆ ਗਾਸਮੈਨ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਲਈ ਤਾਲਿਬਾਨ ਦੀ ਜਵਾਬਦੇਹੀ ਜ਼ਰੂਰੀ ਹੈ।
ਪੇਟ੍ਰੀਸੀਆ ਗਾਸਮੈਨ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ, ਜਦੋਂ ਅਧਿਕਾਰ ਸਮੂਹ ਨੇ ਇਕ ਰਿਪੋਰਟ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਬਲਾਂ ਨੇ ਅਫ਼ਗਾਨ ’ਤੇ ਕਬਜ਼ੇ ਤੋਂ ਬਾਅਦ ਸਿਰਫ 3 ਮਹੀਨਿਆਂ ਵਿਚ ਹੀ ਚਾਰ ਸੂਬਿਆਂ ਵਿਚ 100 ਤੋਂ ਵੱਧ ਸਾਬਕਾ ਪੁਲਸ ਤੇ ਖੁਫ਼ੀਆ ਅਧਿਕਾਰੀਆਂ ਨੂੰ ਮਾਰ ਦਿੱਤਾ ਹੈ ਜਾਂ ਜਬਰਨ ਗਾਇਬ ਕਰ ਦਿੱਤਾ ਹੈ। ਹਿਊਮਨ ਰਾਈਟਸ ਵਾਚ ਨੇ ਇਕੱਲੇ ਗਜ਼ਨੀ, ਹੇਡਮੰਡ, ਕੰਧਾਰ ਤੇ ਕੁੰਦੁਜ ਸੂਬਿਆਂ ਤੋਂ 100 ਤੋਂ ਵੱਧ ਕਤਲਾਂ ’ਤੇ ਭਰੋਸੇਯੋਗ ਜਾਣਕਾਰੀ ਇਕੱਠੀ ਕੀਤੀ। ਹਿਊਮਨ ਰਾਈਟਸ ਵਾਚ ਦੀ ਐਸੋਸੀਏਟ ਏਸ਼ੀਆ ਡਾਇਰੈਕਟਰ ਪੇਟ੍ਰੀਸੀਆ ਗਾਸਮੈਨ ਨੇ ਕਿਹਾ ਕਿ ਤਾਲਿਬਾਨ ਅਗਵਾਈ ਦੇ ਵਾਅਦੇ ਮੁਤਾਬਕ ਮਾਫੀ ਨੇ ਸਥਾਨ ਕਮਾਂਡਰਾਂ ਨੂੰ ਅਫ਼ਗਾਨ ਸੁਰੱਖਿਆ ਬਲ ਦੇ ਸਾਬਕਾ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨ ਜਾਂ ਗਾਇਬ ਕਰਨ ਤੋਂ ਨਹੀਂ ਰੋਕਿਆ ਹੈ।
ਇਸ ਲਈ ਅੱਗੇ ਦੇ ਕਤਲਾਂ ਨੂੰ ਰੋਕਣ, ਜ਼ਿੰਮੇਵਾਰ ਲੋਕਾਂ ਨੂੰ ਫੜਨ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਤਾਲਿਬਾਨ ’ਤੇ ਦਬਾਅ ਬਣਾਉਣਾ ਜ਼ਰੂਰੀ ਹੈ। ਐੱਚ. ਆਰ. ਡਬਲਯੂ. ਨੇ ਕਿਹਾ ਕਿ ਉਸ ਨੇ ਚਾਰ ਸੂਬਿਆਂ ’ਚ ਵਿਅਕਤੀਗਤ ਤੌਰ ’ਤੇ 40 ਲੋਕਾਂ ਤੇ ਹੋਰ 27 ਲੋਕਾਂ ਨਾਲ ਟੈਲੀਫੋਨ ’ਤੇ ਇੰਟਰਵਿਊ ਲਿਆ, ਯਾਨੀ ਕਿ ਗਵਾਹ, ਰਿਸ਼ਤੇਦਾਰ ਤੇ ਪੀੜਤਾਂ ਦੇ ਦੋਸਤ, ਸਾਬਕਾ ਸਰਕਾਰੀ ਅਧਿਕਾਰੀ, ਪੱਤਰਕਾਰ, ਸਿਹਤ ਕਾਰਕੁਨ ਤੇ ਤਾਲਿਬਾਨ ਮੈਂਬਰ। ਇਸ ਦੌਰਾਨ ਤਾਲਿਬਾਨ ਦੇ ਇਕ ਕਮਾਂਡਰ ਨੇ ਕਿਹਾ ਕਿ ਅੱਤਿਆਚਾਰ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਪਰ ਰਿਪੋਰਟ ਮੁਤਾਬਕ ਹਕੀਕਤ ਇਸ ਦਾਅਵੇ ਦੇ ਬਿਲਕੁਲ ਉਲਟ ਹੈ।