‘ਤੁਹਾਡੀ ਵੋਟ, ਤੁਹਾਡੀ ਤਾਕਤ’ ਦੇ ਨਾਅਰੇ ਨਾਲ ਸਿੱਖ ਵੋਟ ਮੁਹਿੰਮ ਸ਼ੁਰੂ
Wednesday, Jun 26, 2024 - 03:40 AM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਬਰਤਾਨੀਆ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਸਿੱਖਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਨ ਲਈ ‘ਤੁਹਾਡੀ ਵੋਟ, ਤੁਹਾਡੀ ਤਾਕਤ’ ਦਾ ਨਾਅਰਾ ਦਿੱਤਾ ਗਿਆ ਹੈ। ਸਿੱਖ ਵੋਟ ਮੁਹਿੰਮ ਦੇ ਲੀਡ ਕੋਆਰਡੀਨੇਟਰ ਮਨਪ੍ਰੀਤ ਸਿੰਘ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਸਿੱਖਾਂ ਨੂੰ ਇਕ ਮਜ਼ਬੂਤ, ਇਕਜੁੱਟ ਭਾਈਚਾਰੇ ਵਜੋਂ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡੀ ਆਵਾਜ਼ ਸੁਣੀ ਜਾਵੇ। ਇਸ ਮੌਕੇ ਗੁਰੂ ਨਾਨਕ ਗੁਰਦੁਆਰੇ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਦਿਓਲ, ਪੰਥਕ ਆਗੂ ਜੋਗਾ ਸਿੰਘ ਅਤੇ ਭਾਈ ਲਵਸਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਡੇ ਲਈ ਇਹ ਯਕੀਨੀ ਬਣਾਉਣ ਦਾ ਸਮਾਂ ਹੈ ਕਿ ਸਾਡੀ ਆਵਾਜ਼ ਨੂੰ ਨਾ ਸਿਰਫ਼ ਸੁਣਿਆ ਜਾਵੇ, ਸਗੋਂ ਉਸ ’ਤੇ ਅਮਲ ਵੀ ਕੀਤਾ ਜਾਵੇ। ਸਾਡੇ ਭਾਈਚਾਰੇ ਦੇ ਸੰਘਰਸ਼ਾਂ ਲਈ ਸੰਸਦ ਵਿਚ ਸਾਡੀ ਨੁਮਾਇੰਦਗੀ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਸਿੱਖ ਵੋਟ ਨੂੰ ਮਾਮੂਲੀ ਸਮਝਿਆ ਜਾਂਦਾ ਰਿਹਾ ਹੈ ਅਤੇ ਕੰਜ਼ਰਵੇਟਿਵ ਸਰਕਾਰ ਦੇ ਅਧੀਨ ਭਾਈਚਾਰੇ ਨੂੰ ਲਗਾਤਾਰ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸੱਤ ਸਾਲਾਂ ਤੋਂ ਬਿਨਾਂ ਕਿਸੇ ਦੋਸ਼ ਦੇ ਭਾਰਤ ਵਿੱਚ ਨਜ਼ਰਬੰਦ ਰਹੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਕੰਜ਼ਰਵੇਟਿਵ ਸਰਕਾਰ ਬਰਤਾਨੀਆ ਲਿਆਉਣ ਵਿੱਚ ਨਾਕਾਮਯਾਬ ਸਿੱਧ ਹੋਈ ਹੈ। ਉਨ੍ਹਾਂ ਸਪੱਸਟ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਦੇ ਅਨਿਆਂ ਵਿਰੁੱਧ ਬੋਲਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਅਨੁਸੂਚੀ 7 ਦੇ ਕਾਨੂੰਨ ਦੀ ਦੁਰਵਰਤੋਂ ਦੇ ਨਾਲ, ਸਰਕਾਰ ਦੀ ਰੋਕਥਾਮ ਰਣਨੀਤੀ ਦੇ ਤਹਿਤ ਸਿੱਖ ਕਾਰਕੁਨਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਦੇਖ ਲਓ ਕੈਨੇਡਾ ਦੇ ਹਾਲ, ਵਧਦੀ ਜਾ ਰਹੀ ਬੇਰੁਜ਼ਗਾਰੀ, ਕੰਮ ਦੀ ਭਾਲ 'ਚ ਨੌਜਵਾਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
ਉਨ੍ਹਾਂ ਨੇ ਕਿਹਾ ਕਿ ਯੂ.ਕੇ. ਵਿੱਚ ਹਰ ਸਿੱਖ ਨੂੰ ਆਪਣੇ ਸੰਸਦੀ ਉਮੀਦਵਾਰਾਂ ਤੋਂ ਤਿੰਨ ਅਹਿਮ ਸਵਾਲ ਅਨੁਸੂਚੀ 7 ਦੀ ਦੁਰਵਰਤੋਂ, ਯੂ.ਕੇ. ਦੀਆਂ ਨੀਤੀਆਂ 'ਤੇ ਭਾਰਤੀ ਦਬਾਅ, ਅਤੇ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਸਮਾਗਮਾਂ ਨੂੰ ਸੰਸਦੀ ਪੱਧਰ 'ਤੇ ਅਧਿਕਾਰਤ ਤੌਰ 'ਤੇ ਯਾਦ ਕਰਨ ਲਈ ਪ੍ਰਚਾਰ ਕਰਨ ਬਾਰੇ ਕਿਹਾ ਗਿਆ ਹੈ।
ਇਸ ਪ੍ਰੈੱਸ ਕਾਨਫਰੰਸ ਵਿੱਚ ਸੱਤ ਸਾਲਾਂ ਤੋਂ ਜਗਤਾਰ ਸਿੰਘ ਜੌਹਲ ਦੀ ਨਜ਼ਰਬੰਦੀ, ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦਾ ਬੇਰਹਿਮੀ ਨਾਲ ਕਤਲ, ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਇੱਕ ਨਾਕਾਮ ਸਾਜ਼ਿਸ਼, ਵਿੱਚ ਸਬੂਤਾਂ ਦੇ ਨਾਲ ਭਾਰਤੀ ਰਾਜ ਦੀ ਸ਼ਮੂਲੀਅਤ, ਯੂ.ਕੇ. ਵਿੱਚ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਵਰਗੇ ਮੁੱਦੇ ਭਾਰੂ ਰਹੇ। ਉਨ੍ਹਾਂ ਕਿਹਾ ਕਿ ਤਿੰਨਾਂ ਨੇ ਸਿੱਖ ਸਵੈ-ਨਿਰਣੇ ਦੇ ਅਧਿਕਾਰ ਦੀ ਵਕਾਲਤ ਕੀਤੀ ਸੀ ਇਹ ਅਲੱਗ-ਥਲੱਗ ਘਟਨਾਵਾਂ ਨਹੀਂ ਹਨ ਸਗੋਂ ਅੰਤਰ-ਰਾਸ਼ਟਰੀ ਦਮਨ ਦੇ ਵਿਆਪਕ ਪੈਟਰਨ ਦਾ ਹਿੱਸਾ ਹਨ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਠੱਗੇ 11 ਲੱਖ, ਸਟਾਫ਼ ਦੀ 2 ਮਹੀਨਿਆਂ ਦੀ ਤਨਖ਼ਾਹ ਵੀ ਮਾਰ ਗਏ ਟ੍ਰੈਵਲ ਏਜੰਟ
ਮਨਪ੍ਰੀਤ ਸਿੰਘ ਨੇ ਕਿਹਾ ਕਿ 2023 ਵਿੱਚ ਸਰਕਾਰ ਨੇ ਕਥਿਤ 'ਖਾਲਿਸਤਾਨੀ ਪੱਖੀ ਕਾਰਕੁੰਨਾਂ ' ਦਾ ਮੁਕਾਬਲਾ ਕਰਨ ਲਈ 95,000 ਪੌਂਡ ਅਲਾਟ ਕੀਤੇ, ਜਿਸ ਨਾਲ ਸਾਡੇ ਸਵੈ-ਨਿਰਣੇ ਦੇ ਅਧਿਕਾਰ ਨੂੰ ਹੋਰ ਬਦਨਾਮ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਗਾਜਾ ਵਿੱਚ ਲਗਾਤਾਰ ਹੋ ਰਹੀ ਗੋਲੀਬਾਰੀ ਤੇ ਨਸਲਕੁਸ਼ੀ ਤੋ ਇਲਾਵਾ ਅੰਤਰਰਾਸ਼ਟਰੀ ਪੱਧਰ 'ਤੇ ਕਸ਼ਮੀਰ ਤੇ ਖਾਲਿਸਤਾਨੀ ਲਹਿਰ ਵੱਡੀ ਪੱਧਰ 'ਤੇ ਉੱਭਰ ਕੇ ਸਾਹਮਣੇ ਆਇਆ ਹਨ ਜੋ ਇਨ੍ਹਾਂ ਆਮ ਚੌਣਾਂ ਦੌਰਾਨ ਕਈ ਸੰਸਦੀ ਹਲਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e