ਪੰਜਾਬ ਦੀ ਯਾਦ ਤਾਜ਼ਾ ਕਰਵਾ ਗਿਆ ਦੂਜਾ ਕਰੇਨਬਰਨ ਸੱਭਿਆਚਾਰਕ ਅਤੇ ਖੇਡ ਮੇਲਾ
Wednesday, May 04, 2022 - 09:57 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਕੋਰੋਨਾ ਮਹਾਮਾਰੀ ਤੋਂ ਬਾਅਦ ਜ਼ਿੰਦਗੀ ਮੁੜ ਪਟੜੀ 'ਤੇ ਪਰਤਣ ਲੱਗੀ ਹੈ ਅਤੇ ਖੇਡ ਮੇਲਿਆਂ ਵਿਚ ਰੌਣਕਾਂ ਲੱਗਣ ਦਾ ਦੌਰ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਪੰਜਾਬੀ ਵਿਰਸਾ ਅਤੇ ਹੰਟ ਕਲੱਬ ਦੇ ਸਾਂਝੇ ਉਪਰਾਲੇ ਸਦਕਾ ਦੂਜਾ ਕਰੇਨਬਰਨ ਸੱਭਿਆਚਾਰਕ ਅਤੇ ਖੇਡ ਮੇਲਾ ਮੈਲਬੌਰਨ ਦੇ ਇਲਾਕੇ ਕਰੇਨਬਰਨ ਵਿੱਚ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜ਼ਰੀ ਭਰੀ। 2 ਦਿਨ ਚੱਲੇ ਇਸ ਖੇਡ ਮੇਲੇ ਦੇ ਪਹਿਲੇ ਦਿਨ ਮਸ਼ਹੂਰ ਪੰਜਾਬੀ ਗਾਇਕ ਹਰਜੀਤ ਹਰਮਨ ਅਤੇ ਸੱਜਣ ਅਦੀਬ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਸੋਹਣਾ ਰੰਗ ਬੰਨ੍ਹਿਆ।
ਖੇਡ ਮੇਲੇ ਦੇ ਦੂਜੇ ਦਿਨ ਕਬੱਡੀ, ਕੁਸ਼ਤੀਆਂ, ਦੌੜਾਂ, ਪਾਵਰਲਿਫਟਿੰਗ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਮੁਕਾਬਲਿਆਂ ਵਿੱਚ ਸ਼ੇਰ-ਏ-ਪੰਜਾਬ ਕਲੱਬ ਜੇਤੂ ਰਿਹਾ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰ, ਢਾਡੀ ਜਥੇ, ਪੰਜਾਬੀ ਪਹਿਰਾਵੇ, ਪੰਜਾਬੀ ਦੁਕਾਨਾਂ, ਬੱਚਿਆਂ ਦੀਆਂ ਖੇਡਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਪੰਜਾਬ ਦੇ ਕਿਸੇ ਖੇਡ ਮੇਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਸਜਾਈ ਗਈ ਸਟੇਜ ਤੋਂ ਗਿੱਧਾ, ਭੰਗੜਾ ਸਮੇਤ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਅਨੇਕਾਂ ਪੇਸ਼ਕਾਰੀਆਂ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ।
ਮੇਲਾ ਪ੍ਰਬੰਧਕਾਂ ਨੇ ਆਏ ਹੋਏ ਮਹਿਮਾਨਾਂ, ਦਰਸ਼ਕਾਂ ਅਤੇ ਮੇਲਾ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਹ ਮੇਲਾ ਸਿਰੇ ਚੜ੍ਹਿਆ। ਇਸ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਨਵ ਸਰਕਾਰੀਆ, ਸਾਬੀ ਸੰਧੂ, ਇੰਦਰ ਸੰਧੂ, ਜੱਸ ਸੰਧੂ, ਕੁਲਦੀਪ ਕੌਰ, ਸੰਨੀ ਬੇਰੀ, ਗੈਰੀ ਕੈਲੇ, ਹਰਮਨ ਗਿੱਲ, ਸੁਖਵਿੰਦਰ ਸਿੱਧੂ, ਬਿੱਕਰ ਬਾਈ, ਮਨਦੀਪ ਕੈਲੇ, ਸੰਨੀ ਗਿੱਲ, ਮਨਪ੍ਰੀਤ ਸਰਕਾਰੀਆ, ਪਰਮਿੰਦਰ ਰੰਧਾਵਾ, ਬਿਕਰਮ ਸਰਕਾਰੀਆ, ਹਰਪ੍ਰੀਤ ਸੰਧੂ, ਸੰਦੀਪ ਸੈਂਡੀ, ਹਰਸਿਮਰਨ ਵਿੱਕੀ, ਹਰਪਿੰਦਰ ਪਰਮ, ਵਿੱਕ, ਦਲਜੀਤ, ਹੈਰੀ ਸੰਧੂ, ਰੁਪਿੰਦਰ ਅਤੇ ਜਿੰਮੀ ਜਟਾਣਾ ਦਾ ਵਿਸ਼ੇਸ਼ ਯੋਗਦਾਨ ਰਿਹਾ।