ਚੀਨ ''ਚ ਸਾਹਮਣੇ ਆਇਆ ਓਮੀਕਰੋਨ ਦਾ ਦੂਜਾ ਮਾਮਲਾ
Tuesday, Dec 14, 2021 - 07:37 PM (IST)
ਬੀਜਿੰਗ - ਚੀਨ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਦੋ ਹਫਤੇ ਤੋਂ ਜ਼ਿਆਦਾ ਸਮੇਂ ਤੱਕ ਇਕਾਂਤਵਾਸ ਵਿੱਚ ਰਹਿਣ ਤੋਂ ਬਾਅਦ 67 ਸਾਲਾ ਇੱਕ ਵਿਅਕਤੀ ਕੋਰੋਨਾ ਵਾਇਰਸ ਦੇ ਇਸ ਵੇਰੀਐਂਟ ਤੋਂ ਪੀੜਤ ਪਾਇਆ ਗਿਆ ਹੈ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਖ਼ਬਰ ਦਿੱਤੀ। ਸਰਕਾਰੀ ਪ੍ਰਸਾਰਕ ਸੀ.ਸੀ.ਟੀ.ਵੀ. ਨੇ ਦੱਸਿਆ ਕਿ ਇਹ ਵਿਅਕਤੀ 27 ਨਵੰਬਰ ਨੂੰ ਵਿਦੇਸ਼ ਤੋਂ ਪਰਤਿਆ ਸੀ ਅਤੇ ਦੋ ਹਫ਼ਤੇ ਤੱਕ ਇਕਾਂਤਵਾਸ ਵਿੱਚ ਰਿਹਾ, ਜਿਸ ਦੌਰਾਨ ਵਾਰ-ਵਾਰ ਕੀਤੀ ਗਈ ਜਾਂਚ ਵਿੱਚ ਇਨਫੈਕਸ਼ਨ ਨਹੀਂ ਪਾਇਆ ਗਿਆ। ਸ਼ਨੀਵਾਰ ਨੂੰ ਉਹ ਦੱਖਣੀ ਸ਼ਹਿਰ ਗੁਆਂਗਝੂ ਵਿੱਚ ਆਪਣੇ ਘਰ ਚਲਾ ਗਿਆ ਅਤੇ ਉਸਨੇ ਘਰ ਵਿੱਚ ਹੀ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ। ਇੱਕ ਦਿਨ ਬਾਅਦ ਸੋਮਵਾਰ ਨੂੰ ਉਸ ਨੇ ਨਿਯਮਤ ਜਾਂਚ ਕਰਾਈ ਅਤੇ ਜ਼ਿਲ੍ਹਾ ਸਿਹਤ ਵਿਭਾਗ ਨੇ ਪ੍ਰਸ਼ਾਸਨ ਨੂੰ ਦੱਸਿਆ ਕਿ ਉਹ ਪੀੜਤ ਹੋ ਗਿਆ ਹੈ। ਸੀ.ਸੀ.ਟੀ.ਵੀ. ਅਨੁਸਾਰ, ਸ਼ਹਿਰ ਵਿੱਚ ਅਤੇ ਬਾਅਦ ਵਿੱਚ ਸੂਬਾਈ ਪੱਧਰ 'ਤੇ ਕੀਤੀ ਗਈ ਜਾਂਚ ਤੋਂ ਪਤਾ ਚੱਲਿਆ ਕਿ ਉਹ ਓਮੀਕਰੋਨ ਤੋਂ ਪੀੜਤ ਸੀ। ਸੋਮਵਾਰ ਨੂੰ ਅਧਿਕਾਰੀਆਂ ਨੇ ਦੇਸ਼ ਵਿੱਚ ਓਮੀਕਰੋਨ ਦੇ ਪਹਿਲੇ ਮਾਮਲੇ ਦੀ ਘੋਸ਼ਣਾ ਕੀਤੀ ਸੀ। ਜੋ ਵਿਅਕਤੀ ਇਸ ਤੋਂ ਪੀੜਤ ਹੋਇਆ ਸੀ ਉਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਯੂਰੋਪ ਤੋਂ ਆਇਆ ਸੀ। ਇਕਾਂਤਵਾਸ ਵਿੱਚ ਰਹਿਣ ਦੌਰਾਨ ਵੀਰਵਾਰ ਨੂੰ ਉਸ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।