ਮਾਂ ਦੇ ਰਹੀ ਹੈ ਆਪਣੇ ਪੁੱਤ ਦੇ ਬੇਕਸੂਰ ਹੋਣ ਦੀ ਦੁਹਾਈ, ਜੋ ਉਜਾੜ ਚੁੱਕਾ ਹੈ ਕਿਸੇ ਹੋਰ ਦਾ ਘਰ (ਤਸਵੀਰਾਂ)

04/08/2017 3:40:57 PM

ਸਿਡਨੀ— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਵੀਰਵਾਰ ਦੀ ਰਾਤ ਨੂੰ ਕਈ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨਾਬਾਲਗਾਂ ਨੂੰ ਹਿਰਾਸਤ ''ਚ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਵਾਰਦਤਾਂ ਦੇ ਤਾਰ ਅੱਤਵਾਦ ਨਾਲ ਜੁੜੇ ਹੋਏ ਹੋ ਸਕਦੇ ਹਨ। ਇਨ੍ਹਾਂ ''ਚੋਂ ਇਕ ਦੋਸ਼ੀ ਦੀ ਮਾਂ ਨੇ ਪੁਲਸ ਅੱਗੇ ਰੋ-ਰੋ ਕੇ ਫਰਿਆਦ ਕੀਤੀ ਹੈ ਕਿ ਉਸ ਦਾ ਪੁੱਤਰ ਅੱਤਵਾਦੀ ਨਹੀਂ ਹੈ। 
ਜਾਣਕਾਰੀ ਮੁਤਾਬਕ 15 ਅਤੇ 16 ਸਾਲ ਦੀ ਉਮਰ ਵਾਲੇ ਦੋਹਾਂ ਨਾਬਾਲਗਾਂ ਨੇ ਨਿਊ ਸਾਊਥ ਵੇਲਜ਼ ਦੇ ਕੁਇਨਬੀਅਨ ਇਲਾਕੇ ''ਚ ਇੱਕ ਸਰਵਿਸ ਸਟੇਸ਼ਨ ''ਤੇ ਲੁੱਟ-ਖੋਹ ਕੀਤੀ। ਇਸ ਦੌਰਾਨ ਸਰਵਿਸ ਸਟੇਸ਼ਨ ''ਤੇ ਕੰਮ ਕਰ ਰਹੇ ਇੱਕ ਪਾਕਿਸਤਾਨੀ ਨੌਜਵਾਨ ਜ਼ੀਸ਼ਾਨ ਅਕਬਰ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ''ਤੇ ਚਾਕੂ ਨਾਲ ਕਈ ਵਾਰ ਕੀਤੇ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜਵਾਨ ਨੇ ਮੌਕੇ ''ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਦੋਵੇਂ ਲੁਟੇਰੇ ਸਰਵਿਸ ਸਟੇਸ਼ਨ ਤੋਂ ਕੈਸ਼ ਰਜਿਸਟਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। 
ਪੁਲਸ ਦਾ ਕਹਿਣਾ ਹੈ ਕਿ ਸਰਵਿਸ ਸਟੇਸ਼ਨ ''ਤੇ ਖੌਫਨਾਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਦੋਹਾਂ ਨੇ ਕੁਇਨਬੀਅਨ ''ਚ ਹੋਰ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਅਤੇ ਕਈ ਲੋਕਾਂ ''ਤੇ ਹਮਲੇ ਵੀ ਕੀਤੇ। ਪੁਲਸ ਦੇ ਇੱਕ ਸੀਨੀਅਰ ਅਫਸਰ ਨੇ ਦੱਸਿਆ ਕਿ ਪੁਲਸ ਨੇ ਰਾਤ ਭਰ ਦੋਹਾਂ ਨਾਬਾਲਗਾਂ ਦੀ ਨਿਊ ਸਾਊਥ ਵੇਲਜ਼ ਅਤੇ ਆਸਟਰੇਲੀਅਨ ਕੈਪੀਟਲ ਟੈਰੀਟਰੀ ਸਰਹੱਦ ''ਤੇ ਭਾਲ ਕੀਤੀ। ਸ਼ੁੱਕਰਵਾਰ ਸਵੇਰੇ 6.20 ਵਜੇ ਪੁਲਸ ਨੂੰ ਕੁਇਨਬੀਅਨ ''ਚ ਛੁਰੇਬਾਜ਼ੀ ਦੀ ਇੱਕ ਹੋਰ ਘਟਨਾ ਬਾਰੇ ਜਾਣਕਾਰੀ ਮਿਲੀ। ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਢਿੱਡ ''ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਫਿਲਹਾਲ ਉਸ ਨੂੰ ਕੈਨਬਰਾ ਦੇ ਇੱਕ ਹਸਪਤਾਲ ''ਚ ਦਾਖ਼ਲ ਕਰਾਇਆ ਗਿਆ, ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਵੀ ਦੋਹਾਂ ਨਾਬਾਲਗਾਂ ਨੇ ਅੰਜਾਮ ਦਿੱਤਾ ਸੀ। ਉਸ ਨੇ ਦੱਸਿਆ ਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਸ ਨੇ ਦੋਹਾਂ ਨੂੰ ਹਿਰਾਸਤ ''ਚ ਲੈ ਲਿਆ। ਫਿਲਹਾਲ ਉਸ ਦੀ ਮਾਂ ਨੇ ਕਿਹਾ ਕਿ ਕੋਈ ਸੱਚ ਨੂੰ ਨਹੀਂ ਜਾਣਦਾ ਅਤੇ ਉਸ ਦੇ ਪੁੱਤ ''ਤੇ ਦੋਸ਼ ਲਗਾਏ ਜਾ ਰਹੇ ਹਨ। ਜਿਸ ਪਾਕਿਸਤਾਨੀ ਨਾਗਰਿਕ ਜ਼ੀਸ਼ਾਨ ਅਕਬਰ ਨੂੰ ਮਾਰਿਆ ਗਿਆ, ਉਹ ਆਪਣੇ 4 ਭੈਣ-ਭਰਾਵਾਂ ''ਚੋਂ ਸਭ ਤੋਂ ਵੱਡਾ ਸੀ ਜੋ ਇੱਥੋਂ ਕਮਾਈ ਕਰਕੇ ਪਰਿਵਾਰ ਨੂੰ ਪੈਸੇ ਭੇਜਦਾ ਸੀ। ਉਸ ਦਾ ਇਕ ਰਿਸ਼ਤੇਦਾਰ ਆਸਟਰੇਲੀਆ ''ਚ ਹੈ ਅਤੇ ਉਸ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਵੱਡਾ ਘਾਟਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। 

Related News