ਅਮਰੀਕਾ ਦੇ 13 ਸ਼ਹਿਰਾਂ ਦੇ ''ਮੇਅਰ'' ਛੱਡਣਗੇ ਆਪਣੇ ਅਹੁਦੇ, ਕਿਹਾ-ਹੁਣ ਕੁਝ ਹੋਰ ਕਰਾਂਗੇ
Wednesday, Jul 07, 2021 - 06:26 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਟੀਕਾਕਰਨ ਮਗਰੋਂ ਇੱਥੇ ਸਥਿਤੀ ਹੌਲੀ-ਹੌਲੀ ਸਧਾਰਨ ਹੁੰਦੀ ਜਾ ਰਹੀ ਹੈ ਪਰ ਇਸ ਦੌਰਾਨ ਉੱਚੇ ਅਹੁਦਿਆਂ 'ਤੇ ਬੈਠੇ ਲੋਕ ਮਹਾਮਾਰੀ ਨਾਲ ਸੰਘਰਸ਼ ਕਰਦਿਆਂ ਨਿਰਾਸ਼ ਹੋ ਚੁੱਕੇ ਹਨ ਅਤੇ ਉਹਨਾਂ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਇਹਨਾਂ ਲੋਕਾਂ ਵਿਚ ਅਮਰੀਕਾ ਦੇ 13 ਵੱਡੇ ਸ਼ਹਿਰਾਂ ਦੇ ਮੇਅਰ ਸ਼ਾਮਲ ਹਨ।
ਸੀਏਟਲ ਦੀ ਮੇਅਰ ਜੇਨੀ ਡਰਕਨ ਨੇ ਆਪਣੇ ਕਾਰਜਕਾਲ ਦੌਰਾਨ ਹੋਏ ਅਨੁਭਵ ਬਾਰੇ ਦੱਸਦਿਆਂ ਕਿਹਾ,''ਕੋਰੋਨਾ ਦਾ ਪ੍ਰਬੰਧਨ ਚੁਣੌਤੀਪੂਰਨ ਸੀ। ਕੋਈ ਨਹੀਂ ਜਾਣਦਾ ਸੀ ਕਿ ਇਤਿਹਾਸ ਵਿਚ ਸਭ ਤੋਂ ਵੱਡੇ ਜਨਤਕ ਸਿਹਤ ਸੰਕਟ ਨਾਲ ਕਿਵੇਂ ਨਜਿੱਠਣਾ ਹੈ। ਇਸ ਨਾਲ ਪਤਾ ਚੱਲਿਆ ਕਿ ਜਾਂ ਤਾਂ ਮੈਂ ਉਹ ਕੰਮ ਕਰ ਸਕਦੀ ਸੀ ਜਿਸ ਲਈ ਮੈਨੂੰ ਚੁਣਿਆ ਗਿਆ ਜਾਂ ਫਿਰ ਨੌਕਰੀ ਬਣਾਈ ਰੱਖਣ ਲਈ ਕੰਮ ਕਰਦੀ ਰਹਾਂ ਪਰ ਮੈਂ ਦੋਹਾਂ ਵਿਚ ਅਸਫਲ ਰਹੀ।'' ਉਹਨਾਂ ਨੇ ਦੂਜੀ ਵਾਰ ਮੇਅਰ ਨਾ ਬਣਨ ਦਾ ਫ਼ੈਸਲਾ ਲਿਆ ਹੈ। ਇਸ ਦਾ ਵੱਡਾ ਕਾਰਨ ਕੋਰੋਨਾ ਹੈ। ਡਰਕਨ ਇਕੱਲੀ ਨਹੀਂ ਹੈ ਜਿਸ ਨੇ ਅਜਿਹਾ ਫ਼ੈਸਲਾ ਲਿਆ ਹੈ। ਦੋ ਸਾਲ ਤੋਂ ਕੋਰੋਨਾ ਨਾਲ ਸੰਘਰਸ਼ ਕਰ ਕੇ ਬੁਰੀ ਤਰ੍ਹਾਂ ਥੱਕ ਚੁੱਕੇ ਅਤੇ ਨਿਰਾਸ਼ 13 ਵੱਡੇ ਅਮਰੀਕੀ ਸ਼ਹਿਰਾਂ ਦੇ ਮੇਅਰ ਨੇ ਜਾਂ ਤਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਾਂ ਫਿਰ ਅਹੁਦਾ ਛੱਡਣ ਦਾ ਐਲਾਨ ਕਰ ਚੁੱਕੇ ਹਨ।ਉਹ ਰਾਜਨੀਤਕ ਕਰੀਅਰ ਨੂੰ ਛੱਡ ਕੇ ਦੂਜਾ ਵਿਕਲਪ ਲੱਭ ਰਹੇ ਹਨ।
ਅਮਰੀਕਾ ਪਹਿਲੀ ਵਾਰ ਅਜਿਹੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਹਿਲਾਂ ਤਾਂ ਕੋਰੋਨਾ, ਇਸ ਨਾਲ ਜੁੜੀ ਮੰਦੀ, ਬਜਟ ਵਿਚ ਕਮੀ ਅਤੇ ਵਿੱਤੀ ਪਰੇਸ਼ਾਨੀਆਂ ਨੇ ਉਹਨਾਂ ਦੇ ਕੰਮ ਨੂੰ ਕਾਫੀ ਥਕਾਵਟ ਵਾਲਾ ਬਣਾ ਦਿੱਤਾ ਹੈ। ਦੇਸ਼ ਦੇ ਸਭ ਤੋਂ ਮਸ਼ਹੂਰ ਮੈਟਰੋ ਸ਼ਹਿਰ ਅਟਲਾਂਟਾ ਦੀ ਮੇਅਰ ਕੀਸ਼ਾ ਲਾਂਸ ਬਾਟਮਜ਼ ਖੇਤਰ ਵਿਚ ਡੈਮੋਕ੍ਰੈਟਿਕ ਪਾਰਟੀ ਦੀ ਸਭ ਤੋਂ ਹੋਣਹਾਰ ਨੇਤਾ ਮੰਨੀ ਜਾਂਦੀ ਹੈ। ਉਹਨਾਂ ਨੇ ਵੀ ਹਾਲ ਹੀ ਵਿਚ ਕਿਹਾ ਕਿ ਉਹ ਕੋਈ ਹੋਰ ਕੰਮ ਦੇਖੇਗੀ। ਕੀਸ਼ਾ ਕਹਿੰਦੀ ਹੈ ਕਿ ਕੋਵਿਡ ਪ੍ਰਬੰਧਨ ਤਾਂ ਮੁਸ਼ਕਲ ਸੀ, ਨਾਲ ਹੀ ਸਭ ਤੋਂ ਦੁਖਦਾਈ ਲੋਕਾਂ ਨੂੰ ਮਰਦੇ ਦੇਖਣਾ ਸੀ। ਮੈਂ ਕੋਈ ਵੀ ਸ਼ਬਦ ਵਰਤ ਲਵਾਂ ਪਰ ਉਹ ਪਿਛਲੇ 18 ਮਹੀਨੇ ਦੇ ਦਰਦ ਦੀ ਡੂੰਘਾਈ ਨੂੰ ਬਿਆਨ ਨਹੀਂ ਕਰ ਪਾਉਣਗੇ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭੂਟਾਨ ਅਤੇ ਸ਼੍ਰੀਲੰਕਾ ਦੀ ਯਾਤਰਾ ਸੰਬੰਧੀ ਐਡਵਾਇਜ਼ਰੀ ਕੀਤੀ ਜਾਰੀ
ਸਭ ਤੋਂ ਮੁਸ਼ਕਲ ਦੌਰ ਵਿਚੋਂ ਮੈਸਾਚੁਸੇਟਸ ਰਾਜ ਲੰਘ ਰਿਹਾ ਹੈ। ਇੱਥੇ 8 ਮੇਅਰ ਇਸ ਸਾਲ ਅਹੁਦਾ ਛੱਡ ਚੁੱਕੇ ਹਨ। ਪੰਜ ਨੇ ਕਿਹਾ ਕਿ ਉਹ ਚੋਣਾਂ ਨਹੀਂ ਲੜਨਗੇ। ਬਾਕੀ 3 ਨਵੀਂ ਨੌਕਰੀ ਲੱਭ ਰਹੇ ਹਨ। ਇਹਨਾਂ ਵਿਚ ਬੋਸਟਨ ਦੇ ਮੇਅਰ ਮਾਰਟੀ ਵਾਲਸ਼ ਵੀ ਹਨ। ਮੈਸਾਚੁਸੇਟਸ ਦੇ ਨਿਊਬਰਪੋਰਟ ਦੀ ਮੇਅਰ ਡੋਨਾ ਹੋਲਾਡੇ ਕਹਿੰਦੀ ਹੈ ਕਿ 12 ਸਾਲ ਬਾਅਦ ਰਾਜਨੀਤਕ ਕਰੀਅਰ ਛੱਡ ਰਹੀ ਹਾਂ। ਉਂਝ ਵੀ ਇਹ 24X7 ਕੰਮ ਹੈ। ਕੋਵਿਡ ਨੇ ਇਸ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਸੋਮਰਵਿਲੇ ਦੇ ਮੇਅਰ ਜੋਅ ਕਰਟਾਟੋਨ ਕਹਿੰਦੇ ਹਨ ਕਿ ਕੰਮ ਤੋਂ ਨਹੀਂ ਥੱਕੇ ਪਰ ਕੋਰੋਨਾ ਨੇ ਥਕਾ ਦਿੱਤਾ ਹੈ। ਲੋਕਾਂ ਦੀ ਸੇਵਾ ਕਰਨਾ ਜਨੂੰਨ ਹੈ। ਅਸੀਂ ਅਜਿਹੇ ਸਮੇਂ ਵਿਚ ਵੀ ਜੁਟੇ ਹੋਏ ਸੀ ਜਦੋਂ ਖਿੜਕੀ ਤੋਂ ਬਾਹਰ ਦੇਖਣ 'ਤੇ ਪੰਛੀ ਵੀ ਦਿਖਾਈ ਨਹੀਂ ਦੇ ਰਿਹਾ ਸੀ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਥੀ ਇਕ ਦੇ ਬਾਅਦ ਇਕ ਹੱਥ ਖੜ੍ਹੇ ਕਰ ਰਹੇ ਹਨ, ਇਹ ਇਸੇ ਥਕਾਵਟ ਦਾ ਨਤੀਜਾ ਹੈ।
ਅਮਰੀਕੀ ਰਾਸ਼ਟਰਪਤੀ ਦੇ ਸਭ ਤੋਂ ਮੁਸ਼ਕਲ ਕੰਮ ਮੇਅਰ ਦਾ : ਕੋਲਮੈਨ
ਰਾਜਨੀਤਕ ਵਿਸ਼ਲੇਸ਼ਕ ਇਸ ਨੂੰ 'ਕੋਵਿਡ ਬਰਨਾਊਟ' ਮੰਨ ਰਹੇ ਹਨ। ਅਮਰੀਕੀ ਕਾਨਫਰੰਸ ਆਫ ਮੇਅਰਸ ਦੇ ਸਾਬਕਾ ਪ੍ਰੈਸੀਡੈਂਟ ਐਂਟੋਨਿਓ ਵਿਲਾਰਾਇਗੋਸਾ ਮੁਤਾਬਕ ਥਕਾਵਟ ਅਤੇ ਨਿਰਾਸ਼ਾ ਦਾ ਸਿੱਧਾ ਸੰਬੰਧ ਹੈ। ਸਭ ਤੋਂ ਹਾਈ ਪ੍ਰੋਫਾਈਲ ਅਤੇ ਤਣਾਅਪੂਰਨ ਨੌਕਰੀ ਹੋਣ 'ਤੇ ਤੁਸੀਂ ਸੰਕਟ ਦਾ ਪੱਧਰ ਸੋਚ ਸਕਦੇ ਹੋ। ਇਹ ਖ਼ਤਮ ਨਹੀਂ ਹੋਇਆ ਹੈ। ਕੋਲਬੰਸ ਦੇ ਸਾਬਕਾ ਮੇਅਰ ਮਾਇਕਲ ਬੀ ਕੋਲਮੈਨ ਕਹਿੰਦੇ ਹਨ ਕਿ 9/11 ਅਤੇ 2008 ਦੀ ਮੰਦੀ 'ਤੇ ਇਹ ਦੋ ਸਾਲ ਭਾਰੀ ਹਨ। ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਬਾਅਦ ਸਭ ਤੋਂ ਮੁਸ਼ਕਲ ਕੰਮ ਮੇਅਰ ਦਾ ਹੈ। ਲੋਕਾਂ ਦੀਆਂ ਆਸਾਂ ਵਧੀਆਂ ਹਨ, ਇਹ ਪਹਿਲਾਂ ਤੋਂ ਜ਼ਿਆਦਾ ਚੁਣੌਤੀਪੂਰਨ ਹੋ ਗਿਆ ਹੈ।