ਬ੍ਰਿਸਬੇਨ 'ਚ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ

08/09/2017 11:38:20 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)—  'ਆਸਟ੍ਰੇਲੀਅਨ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ' ਵਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਵਿਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਯਾਦ ਨੂੰ ਸਮਰਪਿਤ ਬ੍ਰਿਸਬੇਨ ਦੇ ਸ਼ਹਿਰ ਸੰਨੀਬੈਂਕ ਆਰ. ਐੱਸ. ਐੱਲ ਕਲੱਬ ਵਿਖੇ 12 ਅਗਸਤ ਦਿਨ ਸ਼ਨੀਵਾਰ ਨੂੰ ਪਹਿਲੀ ਜੰਗੀ ਯਾਦਗਾਰ ਦੀ ਉਸਾਰੀ ਦੀ ਨੀਂਹ ਰੱਖੀ ਜਾ ਰਹੀ ਹੈ। ਜੰਗੀ ਯਾਦਗਾਰ ਦੇ ਉਸਾਰੀ ਕਾਰਜਾਂ ਲਈ ਧਨ ਰਾਸ਼ੀ ਇਕੱਤਰ ਕਰਨ ਹਿੱਤ ਕਮੇਟੀ ਵਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸੈਕੰਡਰੀ ਕਾਲਜ ਕੁਰਪੂਰੁ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਰੰਭਤਾ ਆਸਟ੍ਰੇਲੀਆ ਅਤੇ ਭਾਰਤ ਦੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਰਸ਼ਪਾਲ ਹੇਅਰ ਨੇ ਉੱਘੇ ਗਾਇਕ ਬਿੱਟੂ ਖੰਨੇਵਾਲਾ ਤੇ ਮਿਸ ਸੁਰਮੁਨੀ ਨੂੰ ਮੰਚ 'ਤੇ ਪੇਸ਼ ਕੀਤਾ।
ਉਨ੍ਹਾਂ ਆਪਣੇ ਸੱਭਿਆਚਾਰਕ ਗੀਤਾਂ ਨਾਲ ਗੋਰਿਆਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਫੋਕ ਵਾਰੀਅਰਜ਼ ਵਲੋਂ ਭੰਗੜਾ, ਅਤੇ ਬੱਚਿਆਂ ਵਲੋਂ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ 'ਤੇ ਪੇਸ਼ਕਾਰੀ ਕਰਕੇ ਭਾਰਤ ਦੇ ਮਾਣਮੱਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਏਕਤਾ ਦਾ ਪ੍ਰਗਟਾਵਾ ਕਰਦਿਆਂ ਦੇਸ਼ ਨੇ ਜੋ ਤਰੱਕੀ ਦੀਆਂ ਪੁਲਾਂਘਾ ਪੁੱਟ ਕੇ ਵਿਸ਼ਵ ਭਰ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ,ਉਸ 'ਤੇ ਸਥਾਨਕ ਲੋਕਾਂ ਨੂੰ ਝਾਤ ਪੁਆਈ ਗਈ। ਉਪਰੰਤ ਕਮੇਟੀ ਦੇ ਪ੍ਰਧਾਨ ਸੁਰਿੰਦਰ ਪ੍ਰਸਾਦ ਨੇ ਹਾਜ਼ਰੀਨ ਨੂੰ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ 'ਚੋ 74 ਹਜ਼ਾਰ ਦੇ ਕਰੀਬ ਨੇ ਸ਼ਹੀਦੀ ਦਾ ਜਾਮ ਪੀਤਾ। ਦੂਜੇ ਵਿਸ਼ਵ ਯੁੱਧ ਵਿੱਚ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋ 87000 ਦੇ ਲਗਭਗ ਵੀਰਗਤੀ ਨੂੰ ਪ੍ਰਾਪਤ ਹੋਏ ਸਨ ਅਤੇ ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15000 'ਚੋ 1500 ਭਾਰਤੀ ਫੌਜੀਆਂ ਨੇ ਸ਼ਹੀਦ ਹੋਏ ਸਨ। ਉਨ੍ਹਾਂ ਅੱਗੇ ਦੱਸਿਆ ਕਿ 18 ਨਵੰਬਰ 2017 ਨੂੰ ਸਰਕਾਰੀ ਪੱਧਰ 'ਤੇ ਆਸਟ੍ਰੇਲੀਆ ਦੇ ਗਵਰਨਰ ਜਨਰਲ, ਸੂਬਾ ਤੇ ਸੰਘੀ ਸਰਕਾਰ ਦੇ ਮੰਤਰੀ ਸਹਿਬਾਨ, ਭਾਰਤੀ ਸਫ਼ਾਰਤਖਾਨੇ ਤੇ ਸਥਾਨਕ ਪ੍ਰਸਾਸ਼ਨਿਕ ਅਧਿਕਾਰੀਆ, ਸਾਬਕਾ ਫੌਜੀਆਂ ਤੇ ਵੱਖ-ਵੱਖ ਭਾਈਚਾਰਿਆਂ ਦੀ ਹਾਜਰੀ ਵਿੱਚ ਇੱਕ ਵਿਸ਼ਾਲ ਸਮਾਗਮ ਦੌਰਾਨ ਜੰਗੀ ਸ਼ਹੀਦਾਂ ਦੇ ਬਲੀਦਾਨ ਨੂੰ ਸਮਰਪਿਤ ਯਾਦਗਾਰ ਲੋਕ ਅਰਪਣ ਕੀਤੀ ਜਾਵੇਗੀ। ਸਮਾਗਮ ਵਿੱਚ ਸੰਸਦ ਮੈਂਬਰ ਰੋਸ ਵਾਸਟਾ, ਸੰਸਦ ਮੈਂਬਰ ਡੰਕਨ ਪਿੱਗ ਤੇ ਪੋਲੀਸਨ ਪ੍ਰਧਾਨ ਆਰ. ਐੱਸ. ਐੱਸ ਕਲੱਬ ਆਦਿ ਨੇ ਆਪਣੇ- ਆਪਣੇ ਸੰਬੋਧਨ ਕਿਹਾ ਕਿ ਸਰਕਾਰ ਵਲੋਂ ਕਮੇਟੀ ਨੂੰ 30,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੰਗੀ ਯਾਦਗਾਰ ਬਣਾਉਣਾ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਮਹਾਨ ਯੋਧਿਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜੋਕੀ ਤੇ ਆਉਣ ਵਾਲੀਆ ਪੀੜ੍ਹੀਆਂ ਲਈ ਮਾਣ ਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ। ਸਮਾਗਮ ਦੇ ਅੰਤ ਵਿੱਚ ਪ੍ਰਣਾਮ ਸਿੰਘ ਹੇਅਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਨਾਇਡੂ ਬੋਦਾਪਤੀ ਵਲੋਂ ਬਾਖੂਬੀ ਨਿਭਾਈ ਗਈ।


Related News