ਮਨੁੱਖ ਨੇ ਹਿਮਾਲਿਆ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਲੇਸ਼ੀਅਰ ਨੂੰ ਕੀਤਾ ਗੰਦਾ
Tuesday, Feb 11, 2020 - 11:41 PM (IST)

ਵਾਸ਼ਿੰਗਟਨ (ਭਾਸ਼ਾ)–ਮਨੁੱਖੀ ਸਰਗਰਮੀਆਂ ਨੇ ਮੱਧ ਹਿਮਾਲਿਆ ਖੇਤਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ’ਚੋਂ ਇਕ ਨੂੰ ਕਿਸੇ ਵਿਅਕਤੀ ਦੇ ਉਥੇ ਕਦਮ ਰੱਖਣ ਤੋਂ ਸੈਂਕੜੇ ਸਾਲ ਪਹਿਲਾਂ ਹੀ ਗੰਦਾ ਕਰ ਦਿੱਤਾ ਸੀ। ਇਕ ਨਵੇਂ ਅਧਿਐਨ ’ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਇਸ ਅਧਿਐਨ ’ਚ ਦਰਸਾਇਆ ਗਿਆ ਹੈ ਕਿ 18ਵੀਂ ਸਦੀ ਦੇ ਅਖੀਰ ’ਚ ਯੂਰਪ ’ਚ ਕੋਲਾ ਜਲਾਉਣ ਕਾਰਣ ਬਣੇ ਹੋਰ ਉਤਪਾਦ ਉਦਯੋਗਿਕ ਕ੍ਰਾਂਤੀ ਦੀ ਗਰਾਊਂਡ ਮੰਨੇ ਜਾਣ ਵਾਲੇ ਲੰਡਨ ਤੋਂ ਕਰੀਬ 10300 ਕਿਲੋਮੀਟਰ ਦੂਰ ਦਾਸੋਓਪੂ ਗਲੇਸ਼ੀਅਰ ਤੱਕ ਪਹੁੰਚ ਗਏ।
ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਦੇ ਪਾਈਲੋ ਗੈਬ੍ਰੀਯੇਲੀ ਨੇ ਕਿਹਾ ਕਿ ਉਦਯੋਗਿਕ ਕ੍ਰਾਂਤੀ ਊਰਜਾ ਦੇ ਪ੍ਰਯੋਗ ’ਚ ਇਕ ਕ੍ਰਾਂਤੀ ਸੀ। ਉਨ੍ਹਾਂ ਕਿਹਾ ਕਿ ਕੋਲਾ ਜਲਾਉਣ ਦੀ ਅਜਿਹੀ ਨਿਕਾਸੀ ਹੋਈ, ਜਿਨ੍ਹਾਂ ਬਾਰੇ ਸਾਡੇ ਮੰਨਣਾ ਹੈ ਕਿ ਉਹ ਹਵਾਵਾਂ ਰਾਹੀਂ ਹਿਮਾਲਿਆ ਤੱਕ ਪਹੁੰਚੇ। ਇਹ ਖੋਜ ਟੀਮ ਇਕ ਵੱਡੀ ਕੌਮਾਂਤਰੀ ਟੀਮ ਦਾ ਹਿੱਸਾ ਹੈ, ਜਿਸ ਨੇ 1997 ’ਚ ਦੋਸੋਓਪੂ ਦੀ ਯਾਤਰਾ ਕਰ ਕੇ ਗਲੇਸ਼ੀਅਰ ਤੋਂ ਬਰਫ ਦਾ ਅੰਦਰੂਨੀ ਹਿੱਸਾ ਇਕੱਠਾ ਕੀਤਾ ਸੀ। ਖੋਜਕਾਰਾਂ ਨੇ ਦੱਸਿਆ ਕਿ ਸਮੁੰਦਰ ਤਲ ਤੋਂ 7200 ਮੀਟਰ ਉੱਪਰ ਸਥਿਤ ਦਾਸੋਓਪੂ ਵਿਸ਼ਵ ਦਾ ਸਭ ਤੋਂ ਉੱਚਾ ਸਥਾਨ ਹੈ, ਜਿਥੇ ਵਿਗਿਆਨੀਆਂ ਨੇ ਬਰਫ ਦੇ ਅੰਦਰੂਨੀ ਭਾਗ ਤੋਂ ਜਲਵਾਯੂ ਦਾ ਰਿਕਾਰਡ ਪ੍ਰਾਪਤ ਕੀਤਾ। ਟੀਮ ਨੇ 23 ਧਾਤੂਆਂ ਦਾ ਪਤਾ ਲਾਉਣ ਲਈ 1997 ’ਚ ਦਾਸੋਓਪੂ ਤੋਂ ਲਏ ਗਏ ਇਕ ਹਿੱਸੇ ਦਾ ਮੁਲਾਂਕਣ ਕੀਤਾ। ਖੋਜਕਾਰਾਂ ਨੂੰ ਇਸ ਬਰਫ ’ਚ ਕੈਡਮੀਅਮ, ਕ੍ਰੋਮੀਅਮ, ਨਿਕਲ ਅਤੇ ਜ਼ਿੰਕ ਸਮੇਤ ਜ਼ਹਿਰੀਲੀਆਂ ਧਾਤੂਆਂ ਦਾ ਪਤਾ ਲੱਗਾ, ਜਿਨ੍ਹਾਂ ਦੀ ਮਾਤਰਾ ਕੁਦਰਤੀ ਪੱਧਰ ਤੋਂ ਜ਼ਿਆਦਾ ਸੀ।