ਯੂਰਪ ਦੇ ਸਭ ਤੋਂ ਵੱਡੇ ਜ਼ਾਪੋਰੀਝਜ਼ਿਆ ਪ੍ਰਮਾਣੂ ਪਲਾਂਟ ਦਾ ਆਖਰੀ ਰਿਐਕਟਰ ਹੋਇਆ ਬੰਦ

Sunday, Sep 11, 2022 - 05:56 PM (IST)

ਯੂਰਪ ਦੇ ਸਭ ਤੋਂ ਵੱਡੇ ਜ਼ਾਪੋਰੀਝਜ਼ਿਆ ਪ੍ਰਮਾਣੂ ਪਲਾਂਟ ਦਾ ਆਖਰੀ ਰਿਐਕਟਰ ਹੋਇਆ ਬੰਦ

ਕੀਵ (ਏਜੰਸੀ) ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਯੂਕ੍ਰੇਨ ਦੇ ਪਾਵਰ ਗਰਿੱਡ ਨਾਲ ਦੁਬਾਰਾ ਜੋੜਿਆ ਗਿਆ ਅਤੇ ਖੇਤਰ ਵਿੱਚ ਲੜਾਈ ਤੇਜ਼ ਹੋਣ ਕਾਰਨ ਪਰਮਾਣੂ ਰੇਡੀਏਸ਼ਨ ਆਫ਼ਤ ਤੋਂ ਬਚਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇੰਜੀਨੀਅਰਾਂ ਨੇ ਇਸਦੇ ਆਖਰੀ ਰਿਐਕਟਰ ਨੂੰ ਬੰਦ ਕਰ ਦਿੱਤਾ। ਛੇ-ਰਿਐਕਟਰ ਜ਼ਾਪੋਰੀਝਜ਼ਿਆ ਪਲਾਂਟ ਨੂੰ ਇਲਾਕੇ ਵਿਚ ਲੜਾਈ ਦੇ ਨਤੀਜੇ ਵਜੋਂ ਉਸ ਦੀਆਂ ਸਾਰੀਆਂ ਪਾਵਰ ਲਾਈਨਾਂ ਕੱਟਣ ਮਗਰੋਂ ਪਿਛਲੇ ਹਫ਼ਤੇ ਗਰਿੱਡ ਤੋਂ ਹਟਾ ਦਿੱਤਾ ਗਿਆ ਸੀ। ਪਲਾਂਟ ਕਈ ਦਿਨਾਂ ਤੋਂ "ਆਈਲੈਂਡ ਮੋਡ" 'ਤੇ ਕੰਮ ਕਰ ਰਿਹਾ ਸੀ ਅਤੇ ਆਪਣੇ ਇਕਲੌਤੇ ਸੰਚਾਲਨ ਰਿਐਕਟਰ ਤੋਂ ਨਾਜ਼ੁਕ ਕੂਲਿੰਗ ਉਪਕਰਣਾਂ ਲਈ ਬਿਜਲੀ ਪੈਦਾ ਕਰ ਰਿਹਾ ਸੀ। 'ਆਈਲੈਂਡ ਮੋਡ' ਦਾ ਮਤਲਬ ਅਜਿਹੇ ਪਲਾਂਟ ਤੋਂ ਹੁੰਦਾ ਹੈ ਜੋ ਦੂਜੇ ਪਾਵਰ ਪਲਾਂਟਾਂ ਨਾਲ ਜੁੜਿਆ ਨਹੀਂ ਹੁੰਦਾ। 

ਪਰਮਾਣੂ ਆਪਰੇਟਰ ਕੰਪਨੀ ਐਨਰਗੋਆਟਮ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਪਾਵਰ ਲਾਈਨ ਨੂੰ ਸ਼ਨੀਵਾਰ ਦੇਰ ਰਾਤ ਬਹਾਲ ਕੀਤਾ ਗਿਆ ਸੀ, ਜਿਸ ਨਾਲ ਪਲਾਂਟ ਨੂੰ ਸੁਰੱਖਿਅਤ ਢੰਗ ਨਾਲ ਚਲਾਉਣਾ ਸੰਭਵ ਹੋ ਗਿਆ ਸੀ। ਕੰਪਨੀ ਨੇ ਕਿਹਾ ਕਿ ਇਸ ਲਈ ਪਾਵਰ ਯੂਨਿਟ ਨੰਬਰ ਛੇ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਨੇ ਕਿਹਾ ਕਿ ਇਹ ਖਤਰਾ ਹੁਣ ਵੀ ਬਣਿਆ ਹੋਇਆ ਹੈ ਕਿ ਬਿਜਲੀ ਮੁੜ ਕੱਟੀ ਜਾ ਸਕਦੀ ਹੈ ਅਤੇ ਅਜਿਹੀ ਸਥਿਤੀ ਵਿਚ ਪਲਾਂਟ ਨੂੰ ਰਿਐਕਟਰਾਂ ਨੂੰ ਠੰਡਾ ਰੱਖਣ ਅਤੇ ਪਰਮਾਣੂ ਰਿਐਕਟਰ ਨੂੰ ਜ਼ਿਆਦਾ ਗਰਮ ਹੋਣ ਤੋਂ ਰੋਕਣ ਲਈ ਐਮਰਜੈਂਸੀ ਡੀਜ਼ਲ ਜਨਰੇਟਰ ਚਲਾਉਣੇ ਪੈਣਗੇ। 

ਪੜ੍ਹੋ ਇਹ ਅਹਿਮ  ਖ਼ਬਰ-ਪਾਪੂਆ ਨਿਊ ਗਿਨੀ 'ਚ 7.6 ਤੀਬਰਤਾ ਦਾ ਭੂਚਾਲ, ਤਿੰਨ ਲੋਕਾਂ ਦੀ ਮੌਤ 

ਕੰਪਨੀ ਦੇ ਮੁਖੀ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਪਲਾਂਟ ਕੋਲ ਸਿਰਫ 10 ਦਿਨਾਂ ਦਾ ਡੀਜ਼ਲ ਬਚਿਆ ਹੈ। ਐਨਰਗੋਆਟਮ ਕੰਪਨੀ ਨੇ ਕਿਹਾ ਕਿ ਸ਼ਨੀਵਾਰ ਦੇਰ ਰਾਤ ਇੱਕ ਪਾਵਰ ਲਾਈਨ ਨੂੰ ਬਹਾਲ ਕੀਤਾ ਗਿਆ ਸੀ, ਜਿਸ ਨਾਲ ਪਲਾਂਟ ਸੰਚਾਲਕਾਂ ਨੂੰ ਆਖਰੀ ਰਿਐਕਟਰ ਨੂੰ ਵੀ ਬੰਦ ਕਰਨ ਲਈ ਕਿਹਾ ਗਿਆ ਸੀ। ਦੁਨੀਆ ਦੇ 10 ਸਭ ਤੋਂ ਵੱਡੇ ਪਰਮਾਣੂ ਪਾਵਰ ਸਟੇਸ਼ਨਾਂ ਵਿੱਚੋਂ ਇੱਕ ਇਸ ਪਲਾਂਟ 'ਤੇ ਯੁੱਧ ਦੀ ਸ਼ੁਰੂਆਤ ਤੋਂ ਹੀ ਰੂਸੀ ਫੌਜ ਦੁਆਰਾ ਕਬਜ਼ਾ ਕੀਤਾ ਹੋਇਆ ਹੈ। ਯੂਕ੍ਰੇਨ ਅਤੇ ਰੂਸ ਪਲਾਂਟ ਦੇ ਆਲੇ-ਦੁਆਲੇ ਬੰਬਾਰੀ ਲਈ ਇਕ ਦੂਜੇ 'ਤੇ ਦੋਸ਼ ਲਗਾਉਂਦੇ ਰਹੇ ਹਨ। ਇਸ ਬੰਬਾਰੀ ਨੇ ਪਲਾਂਟ ਨੂੰ ਗਰਿੱਡ ਨਾਲ ਜੋੜਨ ਵਾਲੀਆਂ ਬਿਜਲੀ ਦੀਆਂ ਲਾਈਨਾਂ ਨੂੰ ਤਬਾਹ ਕਰ ਦਿੱਤਾ। ਐਤਵਾਰ ਨੂੰ ਇੱਕ ਬਿਆਨ ਵਿੱਚ ਐਨਰਗੋਆਟੋਮ ਨੇ ਰੂਸੀ ਫੌਜ ਨੂੰ ਜ਼ਪੋਰਿਝਜ਼ਿਆ ਪਲਾਂਟ ਨੂੰ ਛੱਡਣ ਅਤੇ ਇਸਦੇ ਆਲੇ ਦੁਆਲੇ ਇੱਕ "ਡਿਮਿਲੀਟਰਾਈਜ਼ਡ ਜ਼ੋਨ" ਬਣਾਉਣ ਦੀ ਆਗਿਆ ਦੇਣ ਦੀ ਅਪੀਲ ਕੀਤੀ। 

ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨੀ ਸੰਸਥਾ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਾਪੋਰਿਜ਼ਝਿਆ ਪਰਮਾਣੂ ਪਾਵਰ ਪਲਾਂਟ 'ਤੇ ਬਾਹਰੀ ਊਰਜਾ ਬਹਾਲ ਕਰ ਦਿੱਤੀ ਗਈ ਹੈ। ਏਜੰਸੀ ਦੇ ਦੋ ਮਾਹਿਰ ਪਲਾਂਟ ਵਿੱਚ ਮੌਜੂਦ ਹਨ। ਏਜੰਸੀ ਨੇ ਇੱਕ ਈਮੇਲ ਬਿਆਨ ਵਿੱਚ ਕਿਹਾ ਕਿ ਕੱਲ੍ਹ ਬਿਜਲੀ ਲਾਈਨਾਂ ਦੀ ਬਹਾਲੀ ਤੋਂ ਬਾਅਦ ਜ਼ਾਪੋਰਿਜ਼ਝਿਆ ਪਲਾਂਟ ਦੇ ਆਪਰੇਟਰ ਨੇ ਅੱਜ ਸਵੇਰੇ ਆਪਣਾ ਆਖਰੀ ਰਿਐਕਟਰ ਬੰਦ ਕਰ ਦਿੱਤਾ, ਜੋ ਪਿਛਲੇ ਹਫ਼ਤੇ ਤੋਂ ਗਰਿੱਡ ਕਨੈਕਟੀਵਿਟੀ ਦੇ ਨੁਕਸਾਨ ਤੋਂ ਬਾਅਦ ਪਲਾਂਟ ਨੂੰ ਲੋੜੀਂਦੀ ਬਿਜਲੀ ਪ੍ਰਦਾਨ ਕਰ ਰਿਹਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਪਲਾਂਟ ਵਿਚ ਮੌਜੂਦ IAEA ਦੇ ਕਰਮਚਾਰੀਆਂ ਨੂੰ ਅੱਜ ਸਵੇਰੇ ਇਸ ਨਵੇਂ ਘਟਨਾਕ੍ਰਮ ਬਾਰੇ ਸੂਚਿਤ ਕੀਤਾ ਗਿਆ ਅਤੇ ਯੂਕ੍ਰੇਨ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਨੇ ਕਿਸੇ ਵੀ ਆਫ਼ਤ ਤੋਂ ਬਚਣ ਲਈ ਪਲਾਂਟ ਦੇ ਆਲੇ-ਦੁਆਲੇ ਸੁਰੱਖਿਅਤ ਜ਼ੋਨ ਬਣਾਉਣ ਲਈ ਕਿਹਾ ਹੈ।


author

Vandana

Content Editor

Related News