ਇੰਡੋ ਅਮੈਰਿਕਨ ਹੈਰੀਟੇਜ ਫੋਰਮ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
Tuesday, Dec 05, 2023 - 01:04 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਸਥਾਨਕ ਗਦਰੀ ਬਾਬਿਆਂ ਦੀ ਸੋਚ ਨੂੰ ਪ੍ਰਣਾਈ ਸੰਸਥਾ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋ ਲੰਘੇ ਐਤਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ 6 ਹੋਰ ਸਾਥੀਆਂ ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਣੂ ਗਣੇਸ਼ ਪਿੰਗਲੇ, ਹਰਨਾਮ ਸਿੰਘ, ਜਗਤ ਸਿੰਘ ਸੁਰਸਿੰਘਵਾਲਾ, ਸਰੈਣ ਸਿੰਘ ਵੱਡਾ ਗਿੱਲਵਾਲੀ ਅਤੇ ਸਰੇਣ ਸਿੰਘ ਛੋਟਾ ਪਿੰਡ ਗਿੱਲਵਾਲੀ ਦਾ 108ਵਾਂ ਸ਼ਹੀਦੀ ਦਿਹਾੜਾ ਫਰਿਜ਼ਨੋ ਦੇ ਇੰਡੀਆ ਓਵਨ ਰੈਸਟੋਰੈਂਟ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਸਟੇਜ ਦੀ ਸ਼ੁਰੂਆਤ ਸੰਸਥਾ ਵਲੋਂ ਸੁਰਿੰਦਰ ਮੰਡਾਲੀ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਸੰਸਥਾ ਦੀਆਂ ਇਸਤਰੀ ਵਿੰਗ ਦੀਆਂ ਸਰਗਰਮ ਮੈਂਬਰ ਸ਼ਰਨਜੀਤ ਧਾਲੀਵਾਲ ਅਤੇ ਅਰਸ਼ ਸੰਧੂ ਨੇ ਸਟੇਜ ਦੀ ਕਾਰਵਾਈ ਬਾਖੂਬੀ ਸ਼ਾਇਰਾਨਾਂ ਅੰਦਾਜ਼ ਵਿੱਚ ਇਨਕਲਾਬੀ ਸ਼ੇਅਰਾਂ ਅਤੇ ਕਵਿਤਾਵਾਂ ਨਾਲ ਨਿਭਾਈ ਤੇ ਰਾਜ ਬਰਾੜ ਨੇ ਇਨਕਲਾਬੀ ਗੀਤਾਂ ਨਾਲ ਚੰਗਾ ਸਮਾਂ ਬੰਨਿਆ। ਉਪਰੰਤ ਬੁਲਾਰਿਆਂ ਵਿੱਚ ਸੰਤੋਖ ਸਿੰਘ ਮਨਿਹਾਸ, ਗੁਰਨਾਮ ਸਿੰਘ, ਹੈਰੀ ਮਾਨ, ਨੀਟਾ ਮਾਛੀਕੇ, ਸਾਧੂ ਸਿੰਘ ਸੰਘਾ, ਪਰਮਪਾਲ ਸਿੰਘ ਅਤੇ ਹਰਜਿੰਦਰ ਢੇਸੀ ਨੇ ਆਪੋ ਆਪਣੇ ਸ਼ਬਦਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ- ਸਕੂਟਰੀ ਸਿੱਖ ਰਹੀਆਂ ਕੁੜੀਆਂ ਨੂੰ ਬਚਾਉਣ ਦੇ ਚੱਕਰ 'ਚ ਖੇਤਾਂ 'ਚ ਪਲਟਿਆ ਟਰਾਲਾ, ਕਲੀਨਰ ਨੂੰ ਲੱਗੀਆਂ ਗੰਭੀਰ ਸੱਟਾਂ
ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸਾਡੇ ਸਭਨਾਂ ਲਈ ਅਜ਼ਾਦੀ ਦੇ ਨਾਇਕ ਹਨ ਅਤੇ ਸਾਨੂੰ ਉਨ੍ਹਾਂ ਮਹਾਨ ਸ਼ਹੀਦਾਂ ਵਲੋਂ ਸਾਂਝੀਵਾਲਤਾ ਦੇ ਰਾਹ 'ਤੇ ਚੱਲਦਿਆ ਲੋਕਾਂ ਦੇ ਸਾਂਝੇ ਮਸਲਿਆ ਲਈ ਇਕੱਠੇ ਹੋ ਕੇ ਸਘੰਰਸ਼ ਕਰਨ ਦੀ ਪਿਰਤ ਨੂੰ ਵਿਸਾਰਨਾ ਨਹੀਂ ਚਾਹੀਦਾ ਸਗੋਂ ਆਉਣ ਵਾਲੀ ਪੀੜ੍ਹੀ ਨੂੰ ਉਨ੍ਹਾਂ ਸ਼ਹੀਦਾ ਦੀ ਪੂਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੀ ਸੋਚ ਤੋਂ ਜਾਣੂ ਕਰਵਾਉਣ ਲਈ ਇਹੋ ਜਿਹੇ ਸਮਾਗਮਾਂ ਵਿਚ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਹੈ। ਅਖੀਰ ਵਿੱਚ ਸੰਸਥਾ ਦੇ ਮੋਢੀ ਮੈਂਬਰ ਜਸਵੰਤ ਸਿੰਘ ਮਾਨ ਨੇ ਇਸ ਪ੍ਰੌਗਰਾਮ ਵਿਚ ਸ਼ਾਮਲ ਹੋਏ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8