ਭਾਰਤੀ ਰਾਜਦੂਤ ਦਾ ਅਹਿਮ ਬਿਆਨ, ਕਿਹਾ PM ਟਰੂਡੋ ਨੇ ਬਿਨਾਂ ਜਾਂਚ ਦੇ ਹੀ ਭਾਰਤ ਨੂੰ ਠਹਿਰਾ ਦਿੱਤਾ ਦੋਸ਼ੀ

11/26/2023 8:40:27 AM

ਜਲੰਧਰ, (ਇੰਟ.)– ਕੈਨੇਡਾ ’ਚ ਭਾਰਤੀ ਰਾਜਦੂਤ ਸੰਜੇ ਕੁੁਮਾਰ ਵਰਮਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਪੂਰੀ ਭੜਾਸ ਕੱਢੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਟਰੂਡੋ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ਕੀਤੇ ਬਿਨਾਂ ਹੀ ਭਾਰਤ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੈਨੇੇਡਿਆਈ ਸਰਕਾਰ ਕੋਲ ਕੋਈ ਠੋਸ ਸਬੂਤ ਹੈ ਤਾਂ ਉਸ ਨੂੰ ਪੇਸ਼ ਕਰਨਾ ਚਾਹੀਦਾ ਹੈ। ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੋਂ ਕੈਨੇਡਾ ਦੇ ਸੀ. ਟੀ. ਵੀ. ਨਿਊਜ਼ ਚੈਨਲ ਨੇ ਇੰਟਰਵਿਊ ’ਚ ਪ੍ਰਧਾਨ ਮੰਤਰੀ ਟਰੂਡੋ ਵਲੋਂ ਭਾਰਤ ’ਤੇ ਲਾਏ ਗਏ ਦੋਸ਼ਾਂ ਬਾਰੇ ਪੁੱਛਿਆ ਸੀ।

ਕੈਨੇਡਾ ਕੋਲ ਨਹੀਂ ਹਨ ਢੁਕਵੇਂ ਤੱਥ

ਭਾਰਤੀ ਰਾਜਦੂਤ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਦੋਸ਼ਾਂ ਦਾ ਸਮਰਥਨ ਕਰਨ ਵਾਲਾ ਜੇ ਕੋਈ ਬਹੁਤ ਖਾਸ ਤੇ ਢੁਕਵਾਂ ਤੱਥ ਦਿੱਤਾ ਜਾਂਦਾ ਹੈ ਤਾਂ ਭਾਰਤ ਉਸ ’ਤੇ ਗੌਰ ਕਰੇਗਾ। ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਇਕ ਤਾਂ ਇਹ ਕਿ ਜਾਂਚ ਪੂਰੀ ਹੋਏ ਬਿਨਾਂ ਹੀ ਭਾਰਤ ਨੂੰ ਦੋਸ਼ੀ ਠਹਿਰਾਇਆ ਗਿਆ। ਦੂਜਾ ਵਿਸ਼ੇਸ਼ ਅਪਰਾਧਕ ਸ਼ਬਦਾਵਲੀ ਨੂੰ ਵੇਖਿਆ ਜਾਵੇ ਤਾਂ ਜਦੋਂ ਕੋਈ ਸਹਿਯੋਗ ਕਰਨ ਲਈ ਕਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਮਾਮਲੇ ’ਚ ਵੀ ਭਾਰਤ ਨੂੰ ਸਹਿਯੋਗ ਦੇਣ ਲਈ ਕਿਹਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿਚ ‘ਦਿ ਗਲੋਬ ਐਂਡ ਮੇਲ’ ਨਾਲ ਇੰਟਰਵਿਊ ’ਚ ਸੰਜੇ ਕੁਮਾਰ ਵਰਮਾ ਨੇ ਦੁਹਰਾਇਆ ਸੀ ਕਿ ਨਾ ਤਾਂ ਕੈਨੇਡਾ ਅਤੇ ਨਾ ਹੀ ਉਸ ਦੇ ਸਹਿਯੋਗੀਆਂ ਨੇ ਨਿੱਝਰ ਦੀ ਹੱਤਿਆ ਨਾਲ ਸਬੰਧਤ ਕੋਈ ਸਬੂਤ ਵਿਖਾਏ ਹਨ। ਉਨ੍ਹਾਂ ਕੈਨੇਡਿਆਈ ਡੇਲੀ ਨੂੰ ਦੱਸਿਆ ਸੀ ਕਿ ਇਸ ਮਾਮਲੇ ’ਚ ਸਾਨੂੰ ਜਾਂਚ ’ਚ ਸਹਾਇਤਾ ਲਈ ਕੋਈ ਖਾਸ ਜਾਂ ਢੁਕਵੀਂ ਜਾਣਕਾਰੀ ਮੁਹੱਈਆ ਨਹੀਂ ਕਰਾਈ ਗਈ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਕਤਰ ਨੇ ਭਾਰਤ ਦੀ ਪਟੀਸ਼ਨ ਕੀਤੀ ਸਵੀਕਾਰ, ਮੌਤ ਦੀ ਸਜ਼ਾ ਪਾਏ ਅਧਿਕਾਰੀਆਂ ਨੂੰ ਰਾਹਤ ਦੀ ਉਮੀਦ 

ਟਰੂਡੋ ਨੇ ਹਾਊਸ ਆਫ ਕਾਮਨਜ਼ ’ਚ ਲਾਏ ਸਨ ਦੋਸ਼

ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ’ਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 18 ਸਤੰਬਰ ਨੂੰ ਹਾਊਸ ਆਫ ਕਾਮਨਜ਼ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ ਭਾਰਤ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਭਾਰਤ ਨੇ ਵੀ ਸ਼ੁਰੂ ’ਚ ਕੈਨੇਡਾ ਲਈ ਆਪਣੀਆਂ ਵੀਜ਼ਾ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸਨ। ਭਾਰਤੀ ਵਿਦੇਸ਼ ਮੰਤਰਾਲਾ ਅਨੁਸਾਰ ਕੈਨੇਡਾ ਨਿੱਝਰ ਦੀ ਹੱਤਿਆ ਸਬੰਧੀ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।

ਈ-ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ

ਵਰਣਨਯੋਗ ਹੈ ਕਿ ਭਾਰਤ ਨੇ ਇਸ ਹਫਤੇ ਦੇ ਸ਼ੁਰੂ ’ਚ 22 ਨਵੰਬਰ, 2023 ਨੂੰ ਯੋਗ ਕੈਨੇਡਿਆਈ ਨਾਗਰਿਕਾਂ ਲਈ ਇਲੈਕਟ੍ਰਾਨਿਕ (ਈ) ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ। ਭਾਰਤ ਵਲੋਂ ਅਜਿਹਾ ਪਿਛਲੇ ਮਹੀਨੇ ਸੁਰੱਖਿਆ ਸਥਿਤੀ ਦੀ ਸਮੀਖਿਆ ਤੋਂ ਬਾਅਦ 4 ਵਰਗਾਂ ਲਈ ਕੈਨੇਡਾ ’ਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਕੀਤਾ ਗਿਆ। ਅਕਤੂਬਰ ’ਚ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਸੱਦ ਲਿਆ ਸੀ ਅਤੇ ਉਨ੍ਹਾਂ ਦੀ ਛੋਟ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਮੱਦੇਨਜ਼ਰ ਚੰਡੀਗੜ੍ਹ, ਮੁੰਬਈ ਤੇ ਬੈਂਗਲੁਰੂ ਕੌਂਸੁਲੇਟਾਂ ਵਿਚ ਆਪਣੀਆਂ ਵੀਜ਼ਾ ਤੇ ਕੌਂਸਲਰ ਸੇਵਾਵਾਂ ਵੀ ਰੋਕ ਦਿੱਤੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News