Trade War ਦਾ ਅਸਰ, 27 ਸਾਲ ਦੇ ਹੇਠਲੇ ਪੱਧਰ ''ਤੇ ਚੀਨ ਦੀ ਆਰਥਿਕ ਵਾਧਾ ਦਰ

10/18/2019 3:03:19 PM

ਬੀਜਿੰਗ — ਚੀਨ ਦੀ ਅਰਥਵਿਵਸਥਾ ਦੀ ਰਫਤਾਰ 2019 ਦੀ ਤੀਜੀ ਤਿਮਾਹੀ ਵਿਚ ਕਰੀਬ ਤਿੰਨ ਦਹਾਕੇ ਦੇ ਹੇਠਲੇ ਪੱਧਰ ਤੇ ਆ ਗਈ। ਰਾਸ਼ਟਰੀ ਅੰਕੜਾ ਬਿਓਰੋ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਜੁਲਾਈ-ਸਤੰਬਰ ਵਿਚ ਚੀਨ ਦੀ ਆਰਥਿਕ ਵਾਧਾ ਦਰ ਛੇ ਫੀਸਦੀ ਰਹੀ। ਇਸ ਤੋਂ ਪਿਛਲੀ ਤਿਮਾਹੀ ਅਪ੍ਰੈਲ-ਜੂਨ 'ਚ ਚੀਨ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 6.2 ਫੀਸਦੀ ਸੀ। ਚੀਨ ਦੀ ਵਾਧਾ ਦਰ 'ਚ ਕਮੀ ਦਾ ਮੁੱਖ ਕਾਰਨ ਅਮਰੀਕਾ ਨਾਲ ਵਪਾਰ ਯੁੱਧ ਜਾਰੀ ਰਹਿਣਾ ਅਤੇ ਘਰੇਲੂ ਮੰਗ ਦਾ ਨਰਮ ਪੈਣਾ ਹੈ। ਇਹ ਵਾਧਾ ਦਰ 1992 ਤੋਂ ਬਾਅਦ ਚੀਨ ਦਾ ਸਭ ਤੋਂ ਖਰਾਬ ਤਿਮਾਹੀ ਅੰਕੜਾ ਹੈ। ਹਾਲਾਂਕਿ ਇਹ ਸਰਕਾਰ ਦੇ 2019 'ਚ ਆਰਥਿਕ ਵਾਧਾ ਦਰ 6 ਤੋਂ 6.5 ਫੀਸਦੀ ਰੱਖਣ ਦੇ ਟੀਚੇ ਦੇ ਦਾਇਰੇ 'ਚ ਹੈ। ਸਾਲ 2018 ਵਿਚ ਚੀਨ ਦੀ ਆਰਥਿਕ ਵਾਧਾ ਦਰ 6.6 ਪ੍ਰਤੀਸ਼ਤ ਸੀ। ਬਿਓਰੋ ਦੇ ਬੁਲਾਰੇ ਮਾਓ ਸ਼ੈਂਗਯਾਂਗ ਨੇ ਕਿਹਾ, “'ਰਾਸ਼ਟਰੀ ਆਰਥਿਕਤਾ 'ਚ ਕੁਲ ਮਿਲਾ ਕੇ  ਸ਼ੁਰੂਆਤੀ ਤਿੰਨ ਤਿਮਾਹੀਆਂ 'ਚ ਸਥਿਰਤਾ ਦੇਖੀ ਗਈ ਹੈ।'” ਉਨ੍ਹਾਂ ਕਿਹਾ ਕਿ ਹਾਲਾਂਕਿ ਸਾਨੂੰ ਘਰੇਲੂ ਅਤੇ ਗਲੋਬਲ ਦੋਵਾਂ ਮੋਰਚਿਆਂ 'ਤੇ ਗੰਭੀਰ ਆਰਥਿਕ ਸਥਿਤੀਆਂ ਪ੍ਰਤੀ  ਸੁਚੇਤ ਰਹਿਣਾ ਹੋਵੇਗਾ। ਗਲੋਬਲ ਆਰਥਿਕਤਾ 'ਚ ਨਰਮੀ ਅਤੇ ਬਾਹਰੀ ਵਪਾਰ 'ਚ ਵੱਧ ਰਹੀ ਅਨਿਸ਼ਚਿਤਤਾ ਅਤੇ ਅਸਥਿਰਤਾ ਨਾਲ ਘਰੇਲੂ ਆਰਥਿਕਤਾ ਤੇ ਭਾਰੀ ਦਬਾਅ ਹੈ। ਚੀਨ ਨੇ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਕਈ ਹਮਾਇਤੀ ਕਦਮ ਚੁੱਕੇ ਹਨ। ਚੀਨ ਨੇ ਟੈਕਸ ਦੀਆਂ ਦਰਾਂ 'ਚ ਭਾਰੀ ਕਟੌਤੀ ਕੀਤੀ ਹੈ ਅਤੇ ਸਟਾਕ ਮਾਰਕੀਟ ਵਿਚ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਤ ਕਰਨ ਲਈ ਕਈ ਪਾਬੰਦੀਆਂ ਹਟਾ ਦਿੱਤੀਆਂ ਹਨ।


Related News