ਲੂਈਸਿਆਨਾ ''ਚ ਸਿਹਤ ਵਿਭਾਗ ਨੇ ਦਿੱਤੇ 7 ਨਰਸਿੰਗ ਹੋਮ ਬੰਦ ਕਰਨ ਦੇ ਹੁਕਮ

09/05/2021 9:53:56 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਲੁਈਸਿਆਨਾ 'ਚ ਸਿਹਤ ਵਿਭਾਗ ਦੁਆਰਾ 7 ਨਰਸਿੰਗ ਹੋਮਜ਼ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਹਤ ਵਿਭਾਗ ਦੇ ਅਨੁਸਾਰ ਬੰਦ ਕੀਤੀਆਂ ਜਾ ਰਹੀਆਂ ਇਨ੍ਹਾਂ ਸਿਹਤ ਸਹੂਲਤਾਂ ਨੇ ਤੂਫ਼ਾਨ ਇਡਾ ਦੇ ਇਸ ਖੇਤਰ 'ਚ ਆਉਣ ਤੋਂ ਦੋ ਦਿਨ ਪਹਿਲਾਂ 27 ਅਗਸਤ ਨੂੰ ਇੰਡਪੈਂਡੇਂਸ, ਲੁਈਸਿਆਨਾ 'ਚ 800 ਤੋਂ ਵੱਧ ਮਰੀਜ਼ਾਂ ਨੂੰ ਇੱਕ ਗੋਦਾਮ (ਵੇਅਰਹਾਊਸ) 'ਚ ਤਬਦੀਲ ਕਰ ਦਿੱਤਾ ਸੀ। ਇਸ ਵੇਅਰ ਹਾਊਸ 'ਚ ਹੜ੍ਹ ਕਾਰਨ ਪੈਦਾ ਹੋਈਆਂ ਸਥਿਤੀਆਂ ਅਤੇ ਭੋਜਨ ਨਾ ਮਿਲਣ ਕਰਕੇ ਕੁੱਝ ਮਰੀਜ਼ਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਹਾਂਗਕਾਂਗ ਦੇ ਅਖ਼ਬਾਰ 'ਐਪਲ ਡੇਲੀ' ਦੀ ਮਾਲਕਾਨਾ ਕੰਪਨੀ ਦਿਵਾਲੀਆ, ਜਾਇਦਾਦ ਵੇਚਣ ਦੀ ਤਿਆਰੀ

ਸਿਹਤ ਵਿਭਾਗ ਦੇ ਬਿਆਨ ਅਨੁਸਾਰ ਸ਼ਨੀਵਾਰ ਦੇਰ ਰਾਤ ਤੱਕ ਸੱਤ ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ ਪੰਜ ਮੌਤਾਂ ਤੂਫ਼ਾਨ ਨਾਲ ਸਬੰਧਤ ਮੰਨੀਆਂ ਗਈਆਂ ਹਨ। ਸਟੇਟ ਦੇ ਹੈਲਥ ਡਾਇਰੈਕਟਰ ਡਾ. ਜੋਸਫ ਕੰਟਰ ਦੁਆਰਾ ਜਾਰੀ ਇਸ ਹੁਕਮ ਮੁਤਾਬਕ ਇਹ ਸਿਹਤ ਸੰਸਥਾਵਾਂ ਤੁਰੰਤ ਅਗਲੀ ਰੈਗੂਲੇਟਰੀ ਕਾਰਵਾਈ ਲਈ ਬੰਦ ਕੀਤੀਆਂ ਗਈਆਂ ਹਨ। ਇਸ ਮਾਮਲੇ 'ਚ ਸਿਹਤ ਵਿਭਾਗ ਦੇ ਅਨੁਸਾਰ ਸਟੇਟ ਇੰਸਪੈਕਟਰਾਂ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਮੰਗਲਵਾਰ (31 ਅਗਸਤ) ਨੂੰ ਗੋਦਾਮ ਦਾ ਦੌਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਸਪੈਕਟਰਾਂ ਨੂੰ ਵੇਅਰ ਹਾਊਸ 'ਚੋਂ ਕੱਢ ਦਿੱਤਾ ਗਿਆ ਅਤੇ ਉਹ ਜਾਂਚ ਪੂਰੀ ਕਰਨ'ਚ ਅਸਮਰੱਥ ਰਹੇ।

ਇਹ ਵੀ ਪੜ੍ਹੋ : US 'ਚ ਸਕੂਲ ਖੁੱਲ੍ਹਦੇ ਹੀ 3 ਹਫ਼ਤਿਆਂ 'ਚ 5 ਲੱਖ ਤੋਂ ਜ਼ਿਆਦਾ ਬੱਚੇ ਹੋਏ ਕੋਰੋਨਾ ਇਨਫੈਕਟਿਡ

ਵਿਭਾਗ ਨੇ ਆਪਣੇ ਬਿਆਨ 'ਚ ਦਾਅਵਾ ਕੀਤਾ ਕਿ ਸੱਤ ਨਰਸਿੰਗ ਹੋਮਜ਼ ਦੇ ਮਾਲਕ ਦੁਆਰਾ ਸਿਹਤ ਵਿਭਾਗ ਦੇ ਸਟਾਫ ਨੂੰ ਵੀ ਧਮਕਾਇਆ ਗਿਆ, ਜਿਸ ਦੀ ਪਛਾਣ ਬੌਬ ਡੀਨ ਵਜੋਂ ਹੋਈ ਹੈ। ਇਸ ਦੇ ਬਾਅਦ ਸਿਹਤ ਵਿਭਾਗ ਨੇ ਹੋਰ ਸਰਕਾਰੀ ਏਜੰਸੀਆਂ ਅਤੇ ਸਥਾਨਕ ਅਧਿਕਾਰੀਆਂ ਦੇ ਤਾਲਮੇਲ ਕਰਕੇ ਵੀਰਵਾਰ ਨੂੰ ਕੀਤੇ ਗਏ ਇੱਕ ਆਪਰੇਸ਼ਨ 'ਚ ਸਾਰੇ ਮਰੀਜ਼ਾਂ ਨੂੰ ਗੋਦਾਮ 'ਚੋਂ ਬਾਹਰ ਕੱਢਿਆ। ਸਿਹਤ ਵਿਭਾਗ ਦੇ ਅਨੁਸਾਰ ਬੰਦ ਕੀਤੇ ਗਏ ਸੱਤ ਨਰਸਿੰਗ ਹੋਮਜ਼ 'ਚ ਜੇਫਰਸਨ ਪੈਰਿਸ਼ 'ਚ ਤਿੰਨ, ਓਰਲੀਨਜ਼ ਪੈਰਿਸ਼ 'ਚ ਦੋ ਅਤੇ ਲਾਫੌਰਚੇ ਪੈਰਿਸ਼ ਅਤੇ ਟੈਰੇਬੋਨ ਪੈਰਿਸ਼ ਵਿੱਚ ਇੱਕ -ਇੱਕ ਸ਼ਾਮਲ ਹਨ।

ਇਹ ਵੀ ਪੜ੍ਹੋ : ਉੱਤਰੀ ਇਰਾਕ 'ਚ ਸ਼ੱਕੀ ਆਈ.ਐੱਸ. ਦੇ ਹਮਲੇ 'ਚ 13 ਪੁਲਸ ਮੁਲਾਜ਼ਮ ਮਾਰੇ ਗਏ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News