ਪਾਕਿਸਤਾਨ ਸਰਕਾਰ ਨੇ ਹਿੰਦੂ ਪੁਲਸ ਕਰਮਚਾਰੀਆਂ ਨੂੰ ਸੌਂਪੀ ਮੰਦਰਾਂ ਸਣੇ ਹਿੰਦੂ ਪਰਿਵਾਰਾਂ ਦੀ ਸੁਰੱਖਿਆ

Saturday, Dec 02, 2023 - 02:02 PM (IST)

ਗੁਰਦਾਸਪੁਰ (ਵਿਨੋਦ)- ਕੁਝ ਸਮੇਂ ਤੋਂ ਪਾਕਿਸਤਾਨ ਵਿਸ਼ੇਸ਼ ਕਰ ਸਿੰਧ ਪ੍ਰਾਂਤ ’ਚ ਮੰਦਰਾਂ ’ਤੇ ਹੋ ਰਹੇ ਹਮਲਿਆਂ, ਨਾਬਾਲਿਗ ਹਿੰਦੂ ਕੁੜੀਆਂ ਦੇ ਅਗਵਾ ਦੀਆਂ ਘਟਨਾਵਾਂ ਸਣੇ ਧਰਮ ਬਦਲਾਅ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਹੁਣ ਇਕ ਤੀਰ ਨਾਲ 2 ਸ਼ਿਕਾਰ ਕਰਨ ਦੀ ਯੋਜਨਾ ਬਣਾਈ ਹੈ ਹੁਣ ਹਿੰਦੂ ਧਾਰਮਿਕ ਥਾਵਾਂ ਦੀ ਸੁਰੱਖਿਆ ਸਮੇਤ ਮੁੱਖ ਹਿੰਦੂ ਵਪਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਿੰਦੂ ਪੁਲਸ ਕਰਮਚਾਰੀਆਂ ਨੂੰ ਸੌਂਪਣ ਦਾ ਫ਼ੈਸਲਾ ਲੈ ਕੇ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਮੁੱਖ ਹਿੰਦੂ ਸੰਗਠਨ ਦਾਰਾਵਤ ਇਤੇਹਾਦ ਦੀ ਮੁਖੀ ਸ਼ਿਵ ਕਾਚੀ ਨੇ ਦੋਸ਼ ਲਾਇਆ ਕਿ ਉਹ ਲੰਮੇ ਸਮੇਂ ਤੋਂ ਸਿੰਧ ਪ੍ਰਾਂਤ ’ਚ ਹਿੰਦੂ ਮੰਦਰਾਂ ’ਤੇ ਹੋ ਰਹੇ ਹਮਲਿਆਂ ਸਣੇ ਹਿੰਦੂ ਕੁੜੀਆਂ ਦੇ ਅਗਵਾ, ਉਨ੍ਹਾਂ ਦੇ ਧਰਮ ਬਦਲਾਅ ਕਰਵਾ ਕੇ ਉਨ੍ਹਾਂ ਦਾ ਵਿਆਹ ਅਗਵਾ ਕਰਨ ਵਾਲੇ ਮੁਸਲਿਮ ਲੋਕਾਂ ਨਾਲ ਹੀ ਕਰਨ ਨੂੰ ਰੋਕਣ ਲਈ ਠੋਸ ਨੀਤੀ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਪਾਕਿਸਤਾਨ ਸਰਕਾਰ ਨੇ ਕੋਈ ਠੋਸ ਨੀਤੀ ਬਣਾਉਣ ਦੀ ਬਜਾਏ ਹਿੰਦੂ ਭਾਈਚਾਰੇ ਦੇ ਪੁਲਸ ਕਰਮਚਾਰੀਆਂ ਨੂੰ ਹੀ ਮੰਦਰਾਂ ਅਤੇ ਮੁੱਖ ਹਿੰਦੂ ਵਪਾਰੀਆਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕਰ ਦਿੱਤਾ ਹੈ। ਹੁਣ ਹਿੰਦੂ ਪੁਲਸ ਕਰਮਚਾਰੀ ਡਾਕੂਆਂ, ਲੁਟੇਰਿਆਂ ਤੇ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਵਾਲਿਆਂ ਦੇ ਹੱਥੋਂ ਹੀ ਮਾਰੇ ਜਾਣਗੇ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਵਿਸ਼ਵ ਪੱਧਰ ’ਤੇ ਹੋ ਰਹੀ ਆਪਣੀ ਬਦਨਾਮੀ ਤੋਂ ਬਚੇਗੀ, ਉਥੇ ਦੂਜੇ ਪਾਸੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸ਼ੋਰ ਮਚਾਉਣ ਦਾ ਮੌਕਾ ਵੀ ਨਹੀਂ ਮਿਲੇਗਾ।

 ਇਹ ਵੀ ਪੜ੍ਹੋ-  ਦੋ ਕਾਰਾਂ ਦੀ ਭਿਆਨਕ ਟੱਕਰ 'ਚ ਔਰਤ ਤੇ ਬੱਚਾ ਗੰਭੀਰ ਜ਼ਖ਼ਮੀ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ

ਜਾਣਕਾਰੀ ਅਨੁਸਾਰ ਸ਼ਿਵ ਕਾਚੀ ਨੇ ਇਲਜ਼ਾਮ ਲਾਇਆ ਕਿ ਡਾਕੂਆਂ ਵੱਲੋਂ ਕਾਸ਼ਮੋਰ ’ਚ ਭਗਾਰੀ ਮੰਦਰ ’ਤੇ ਹਮਲਾ ਕਰਨ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਮੀਰਪੁਰਖਾਸ, ਕਾਸ਼ਮੋਰ, ਥਾਰਪਾਰਕਰ, ਘੋਟਕੀ, ਸੁਕੁੱਰ, ਉਮਰਕੋਟ ਅਤੇ ਸੰਘਰ ’ਚ ਮੰਦਰਾਂ ਅਤੇ ਪੂਜਾ ਥਾਵਾਂ ਦੀ ਸੁਰੱਖਿਆ ਲਈ ਹਿੰਦੂ ਪੁਲਸ ਕਰਮੀ ਤਾਇਨਾਤ ਕਰ ਦਿੱਤੇ ਹਨ। ਡਾਕੂਆਂ ਨਾਲ ਲੜਨ ਲਈ ਹਿੰਦੂ ਪੁਲਸ ਕਰਮੀਆਂ ਨੂੰ ਨਦੀ ਖੇਤਰਾਂ ’ਚ ਵੀ ਭੇਜਿਆ ਗਿਆ।

ਸ਼ਿਵ ਕਾਚੀ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਲੀਲਾ ਰਾਮ ਨਾਂ ਦੇ ਇਕ ਹਿੰਦੂ ਵਪਾਰੀ ਦੀਆਂ 3 ਬੇਟੀਆਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਇਸਲਾਮ ਧਰਮ ਕਬੂਲ ਕਰਵਾ ਕੇ ਮੁਸਲਿਮ ਪੁਰਸ਼ਾਂ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ। ਇਹ ਘਟਨਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਅਧੀਨ ਆਉਣ ਵਾਲੇ ਇਲਾਕੇ ਦਖਰੀ ’ਚ ਹੋਈ। ਇਸ ਘਟਨਾ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਗਿਆ ਤਾਂ ਉੱਚ ਪੁਲਸ ਅਧਿਕਾਰੀਆਂ ਨੇ ਹਿੰਦੂ ਵਪਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਹਿੰਦੂ ਪੁਲਸ ਕਰਮਚਾਰੀਆਂ ਨੂੰ ਸੌਂਪ ਦਿੱਤੀ, ਜਦੋਂਕਿ ਕੁੜੀਆਂ ਨੂੰ ਅਗਵਾ ਕਰਵਾਉਣ ਵਾਲੇ ਪੀਰ ਜਾਵੇਦ ਅਹਿਮਦ ਕਾਦਰੀ ਨਾਂ ਦੇ ਧਾਰਮਿਕ ਵਿਅਕਤੀ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਹੱਦ ਹੈਦਰ ਘਟਨਾ ਤੋਂ ਬਾਅਦ ਅਣਗਿਣਤ ਭਾਈਚਾਰੇ ਵਿਸ਼ੇਸ਼ ਕਰ ਕੇ ਹਿੰਦੂਆਂ ’ਤੇ ਹਮਲਿਆਂ ਦਾ ਕ੍ਰਮ ਕਈ ਗੁਣਾ ਵੱਧ ਗਿਆ ਹੈ।

 ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ

ਸ਼ਿਵ ਕਾਚੀ ਨੇ ਅੱਜ ਦਾਅਵਾ ਕੀਤਾ ਕਿ ਸਰਹੱਦ ਹੈਦਰ ਘਟਨਾਕ੍ਰਮ ਤੋਂ ਬਾਅਦ ਨਦੀ ਖੇਤਰਾਂ ’ਚ ਡਾਕੂਆਂ ਦੁਆਰਾ ਹਰ- ਰੋਜ਼ ਹਿੰਦੂਆਂ ਤੋਂ ਬਦਲਾ ਲੈਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪਿਛਲੇ ਹਫਤੇ ਸਿੰਧ ਪ੍ਰਾਂਤ ਦੇ ਕਾਸ਼ਮੋਰ ਖੇਤਰ ’ਚ ਡਾਕੂਆਂ ਦੇ ਇਕ ਗਿਰੋਹ ਨੇ ਹਿੰਦੂ ਘਰਾਂ ਦੇ ਨਾਲ-ਨਾਲ ਇਕ ਮੰਦਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਪਾਕਿਸਤਾਨ ’ਚ ਹਿੰਦੂ ਨੌਜਵਾਨ ਪੁਲਸ ਵਿਭਾਗ ’ਚ ਬਹੁਤ ਹੀ ਹੇਠਲੇ ਪੱਧਰਾਂ ’ਤੇ ਤਾਇਨਾਤ ਹਨ ਅਤੇ ਕਿਸੇ ਨੂੰ ਸਿਪਾਹੀ ਤੋਂ ਅਗੇ ਤਰੱਕੀ ਨਹੀਂ ਦਿੱਤੀ ਜਾਂਦੀ। ਇਨ੍ਹਾਂ ਹਿੰਦੂ ਪੁਲਸ ਕਰਮਚਾਰੀਆਂ ਨੂੰ ਰਾਈਫ਼ਲ ਚਲਾਉਣ ਦੀ ਟ੍ਰੇਨਿੰਗ ਵੀ ਨਹੀਂ ਦਿੱਤੀ ਜਾਂਦੀ। ਇਸ ਹਾਲਾਤ ’ਚ ਹਿੰਦੂ ਪੁਲਸ ਕਰਮਚਾਰੀਆਂ ਨੂੰ ਹਿੰਦੂ ਧਾਰਮਿਕ ਥਾਵਾਂ ਦੀ ਰੱਖਿਆ ਕਰਨ ਅਤੇ ਹਿੰਦੂ ਵਪਾਰੀਆਂ ਤੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪ ਕੇ ਪਾਕਿਸਤਾਨ ਸਰਕਾਰ ਇਕ ਤੀਰ ਨਾਲ 2 ਸ਼ਿਕਾਰ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।

ਸ਼ਿਵ ਕਾਚੀ ਨੇ ਦੱਸਿਆ ਕਿ ਜਨਵਰੀ 2023 ’ਚ ਸਿੰਧ ਦੇ ਉਮਰਕੋਟ ਸ਼ਹਿਰ ਤੋਂ ਇਕ ਸ਼ਾਦੀਸ਼ੁਦਾ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਨੂੰ ਅਗਵਾਕਾਰਾਂ ਨੇ ਧਮਕੀ ਦਿੱਤੀ ਅਤੇ ਜਬਰਨ ਇਸਲਾਮ ਕਬੂਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਦੇ ਨਾਲ ਸਮੂਹਿਕ ਦੁਸ਼ਕਰਮ ਕੀਤਾ। ਜੂਨ ਮਹੀਨੇ ’ਚ ਕਰੀਨਾ ਕੁਮਾਰੀ ਨਾਮ ਦੀ ਇਕ ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਅਤ ਉਸ ਨੂੰ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਸੀ। ਇਸ ਸਾਲ ਮਾਰਚ ’ਚ ਸੁਕੁੱਰ ’ਚ ਪੂਜਾ ਕੁਮਾਰੀ ਨਾਂ ਦੀ ਕੁੜੀ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

 ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

4 ਬੱਚਿਆਂ ਦੀ ਮਾਂ ਗੋਰੀ ਕੋਹਲੀ ਨੂੰ ਸਿੰਧ ਦੇ ਖਿਪ੍ਰੋ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ’ਚ ਪਤਾ ਲੱਗਾ ਕਿ ਉਸ ਨੇ ਇਸਲਾਮ ਧਰਮ ਆਪਣਾ ਲਿਆ ਹੈ ਅਤੇ ਆਪਣੇ ਅਗਵਾਕਰਤਾ ਇਜਾਜ ਮੈਰੀ ਨਾਲ ਵਿਆਹ ਕਰ ਲਿਆ ਹੈ। ਇਸ ਹਾਲਤ ’ਚ ਸਰਕਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਹਿੰਦੂ ਪੁਲਸ ਕਰਮਚਾਰੀਆਂ ਨੂੰ ਸਾਜ਼ਿਸ਼ ਅਧੀਨ ਮੌਤ ਦੇ ਮੂੰਹ ’ਚ ਧਕੇਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News