ਅਮਰੀਕਾ ਦੇ ਇਸ ਸੂਬੇ ''ਚ 1978 ਤੋਂ ਬਾਅਦ ਰੇਬੀਜ਼ ਨਾਲ ਹੋਈ ਪਹਿਲੀ ਮੌਤ
Saturday, Nov 06, 2021 - 09:46 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਆਇਡਾਹੋ ਸਟੇਟ ਦੇ ਇਕ ਵਿਅਕਤੀ ਦੀ ਰੇਬੀਜ਼ ਵਾਇਰਸ ਦੀ ਲਾਗ ਤੋਂ ਬਾਅਦ ਮੌਤ ਹੋ ਗਈ ਹੈ। ਆਈਡਾਹੋ 'ਚ 1978 ਤੋਂ ਬਾਅਦ ਇਹ ਰੇਬੀਜ਼ ਦਾ ਇਹ ਪਹਿਲਾ ਮਨੁੱਖੀ ਮੌਤ ਦਾ ਮਾਮਲਾ ਦੱਸਿਆ ਗਿਆ ਹੈ। ਆਈਡਾਹੋ ਦੇ ਸਿਹਤ ਅਤੇ ਭਲਾਈ ਵਿਭਾਗ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਬੋਇਸ ਕਾਉਂਟੀ ਦੇ ਇਕ ਵਿਅਕਤੀ ਨੂੰ ਇਕ ਚਮਗਿੱਦੜ ਤੋਂ ਰੇਬੀਜ਼ ਦਾ ਸੰਕਰਮਣ ਹੋਇਆ ਜੋ ਕਿ ਅਗਸਤ 'ਚ ਉਸ ਦੇ ਘਰ ਉੱਤੇ ਉੱਡ ਰਿਹਾ ਸੀ ਅਤੇ ਉਸ ਦੇ ਕੱਪੜਿਆਂ 'ਚ ਫਸ ਗਿਆ ਸੀ।
ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦੇ ਇਕ ਦਿਨ 'ਚ ਰਿਕਾਰਡ ਨਵੇਂ ਮਾਮਲੇ ਆਏ ਸਾਹਮਣੇ
ਇਸ ਵਿਅਕਤੀ ਨੂੰ ਸ਼ੁਰੂ 'ਚ ਇਸ ਗੱਲ ਦਾ ਪਤਾ ਨਹੀਂ ਸੀ ਕਿ ਚਮਗਿੱਦੜ ਨੇ ਉਸ ਨੂੰ ਕੱਟਿਆ ਹੈ ਪਰ ਅਕਤੂਬਰ 'ਚ ਉਹ ਬੀਮਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ 'ਚ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਉਸ ਦੀ ਮੌਤ ਦੀ ਜਾਂਚ 'ਚ ਚਮਗਿੱਦੜ ਦੀ ਸ਼ਮੂਲੀਅਤ ਹੋਣ ਦਾ ਖੁਲਾਸਾ ਹੋਇਆ ਹੈ। ਸਤੰਬਰ ਦੇ ਅਖੀਰ 'ਚ ਇਲੀਨੋਏ ਦੇ ਇੱਕ ਵਿਅਕਤੀ ਦੀ ਵੀ ਰੇਬੀਜ਼ ਨਾਲ ਮੌਤ ਹੋ ਗਈ ਸੀ, ਜਿਸ 'ਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ 1954 ਤੋਂ ਬਾਅਦ ਰਾਜ ਦਾ ਪਹਿਲਾ ਮਨੁੱਖੀ ਕੇਸ ਸੀ।
ਇਹ ਵੀ ਪੜ੍ਹੋ : ਸੂਡਾਨ 'ਚ ਕਾਰਕੁਨਾਂ ਨੇ ਫੌਜ ਨਾਲ ਸੱਤਾ-ਸਾਂਝੇਦਾਰੀ ਦੇ ਸੁਝਾਅ ਨੂੰ ਕੀਤਾ ਖਾਰਿਜ, ਹੜ੍ਹਤਾਲ ਕੀਤੀ ਸ਼ੁਰੂ
ਸਿਹਤ ਅਧਿਕਾਰੀਆਂ ਅਨੁਸਾਰ ਆਈਡਾਹੋ 'ਚ ਇਸ ਸਾਲ 14 ਚਮਗਿੱਦੜਾਂ ਨੇ ਰੇਬੀਜ਼ ਲਈ ਪਾਜ਼ੇਟਿਵ ਟੈਸਟ ਕੀਤਾ ਹੈ ਅਤੇ 2020 'ਚ ਟੈਸਟ ਕੀਤੇ ਗਏ 159 ਚਮਗਿੱਦੜਾਂ 'ਚੋਂ 11 ਫੀਸਦੀ ਰੇਬੀਜ਼ ਨਾਲ ਪਛਾਣੇ ਗਏ ਸਨ। ਸੀ.ਡੀ.ਸੀ. ਦੇ ਅਨੁਸਾਰ ਰੇਬੀਜ਼ ਜੰਗਲੀ ਜਾਨਵਰਾਂ ਜਿਵੇਂ ਕਿ ਚਮਗਿੱਦੜ, ਰੇਕੂਨ, ਸਕੰਕਸ, ਕੁੱਤੇ ਅਤੇ ਲੂੰਬੜੀ ਆਦਿ ਦੇ ਕੱਟਣ ਜਾਂ ਖੁਰਚਣ ਨਾਲ ਫੈਲ ਸਕਦਾ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਸੰਮੇਲਨ 'ਚ ਜਲਵਾਯੂ ਮਾਰਚ ਰਾਹੀਂ ਨੇਤਾਵਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।