ਬ੍ਰਿਟੇਨ ਤੋਂ ਭਾਰਤੀਆਂ ਨੂੰ ਵਾਪਸ ਲਿਆ ਰਹੀ ਪਹਿਲੀ ਫਲਾਈਟ ਲੰਡਨ ਤੋਂ ਮੁੰਬਈ ਰਵਾਨਾ

05/09/2020 8:20:40 PM

ਲੰਡਨ, (ਭਾਸ਼ਾ)- ਕੋਰੋਨਾ ਵਾਇਰਸ ਲਾਕ ਡਾਊਨ ਕਾਰਨ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਦੇ ਤਹਿਤ ਬ੍ਰਿਟੇਨ ਤੋਂ ਏਅਰ ਇੰਡੀਆ ਦੀ ਪਹਿਲੀ ਫਲਾਈਟ ਸ਼ਨੀਵਾਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋ ਗਈ ਜੋ ਐਤਵਾਰ ਸਵੇਰੇ ਮੁੰਬਈ ਪਹੁੰਚੇਗੀ। ਹਵਾਈ ਅੱਡੇ 'ਤੇ ਲੱਗਭਗ 250 ਵਿਦਿਆਰਥੀ ਅਤੇ ਸੈਲਾਨੀ ਆਪਣੇ ਸਾਮਾਨ ਦੇ ਨਾਲ ਵਤਨ ਵਾਪਸੀ ਲਈ ਅੱਜ ਲਾਈਨਾਂ ਵਿਚ ਖੜ੍ਹੇ ਦੇਖੇ ਗਏ। ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਂ ਹਰੇਕ ਵਿਅਕਤੀ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਗਈ। ਭਾਰਤ ਪਹੁੰਚਣ 'ਤੇ ਇਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਵਲੋਂ ਤੈਅ ਕੀਤੇ ਗਏ ਕਿਸੇ ਹੋਟਲ ਜਾਂ ਹੋਰ ਥਾਂ 14 ਦਿਨ ਦੇ ਏਕਾਂਤਵਾਸ ਵਿਚ ਰਹਿਣਾ ਹੋਵੇਗਾ। ਰਾਹਤ ਮਹਿਸੂਸ ਕਰ ਰਹੇ ਇਕ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਅਖੀਰ ਭਾਰਤ ਵਾਪਸ ਜਾ ਰਿਹਾ ਹਾਂ।

ਆਖਿਰਕਾਰ ਮੈਂ ਖੁਸ਼ਕਿਸਮਤ ਰਿਹਾ ਕਿ ਮੈਨੂੰ ਵੰਦੇ ਭਾਰਤ ਮਿਸ਼ਨ ਤਹਿਤ ਭਾਰਤ ਜਾ ਰਹੀ ਪਹਿਲੀ ਫਲਾਈਟ ਦੀ ਟਿਕਟ ਮਿਲ ਗਈ। ਵਿਦਿਆਰਥੀ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਸੰਘ (ਐਨ.ਆਈ.ਐਸ.ਏ.ਯੂ.) ਅਤੇ ਇੰਟਰਨੈਸ਼ਨਲ ਸੀਫੇਅਰਸ ਵੈਲਫੇਅਰ ਅਸਿਸਟੈਂਟਸ ਨੈਟਵਰਕ (ਆਈ.ਐਸ.ਡਬਲਿਊ.ਏ.ਐਨ.) ਤੋਂ ਲਗਾਤਾਰ ਜਾਣਕਾਰੀ ਮਿਲ ਰਹੀ ਸੀ ਜੋ ਬ੍ਰਿਟੇਨ ਵਿਚ ਵਿਦੇਸ਼ੀਆਂ ਦੀ ਦੇਖਭਾਲ ਕਰ ਰਹੇ ਸਨ। ਉਨ੍ਹਾਂ ਸਾਰੇ ਵਫਦਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਨਾਲ ਮਿਲਕ ਕੇ ਲਗਾਤਾਰ ਕੰਮ ਕੀਤਾ। ਏਅਰ ਇੰਡੀਆ ਸਾਰੇ ਯਾਤਰੀਆਂ ਨੂੰ ਇਕ ਕਿੱਟ ਮੁਹੱਈਆ ਕਰਵਾ ਰਹੀ ਹੈ ਜਿਸ ਵਿਚ ਭੋਜਨ, ਸਨੈਕ ਫੂਡ, ਸੈਨੇਟਾਈਜ਼ਰ, ਮਾਸਕ ਅਤੇ ਦਸਤਾਨੇ ਹਨ। ਭਾਰਤ ਸਰਕਾਰ ਵਲੋਂ ਲੰਡਨ ਹੀਥਰੋ ਹਵਾਈ ਅੱਡੇ ਤੋਂ ਅਗਲੇ ਹਫਤੇ ਮੁੰਬਈ (ਸ਼ਨੀਵਾਰ ਅਤੇ ਮੰਗਲਵਾਰ), ਬੈਂਗਲੁਰੂ (ਐਤਵਾਰ), ਹੈਦਰਾਬਾਦ (ਸੋਮਵਾਰ), ਅਹਿਮਦਾਬਾਦ (ਬੁੱਧਵਾਰ), ਚੇਨਈ (ਵੀਰਵਾਰ) ਅਤੇ ਨਵੀਂ ਦਿੱਲੀ (ਸ਼ੁੱਕਰਵਾਰ) ਲਈ ਤੈਅ ਕੀਤੇ ਗਏ ਹਨ।

ਜਿਨ੍ਹਾਂ ਯਾਤਰੀਆਂ ਦੀਆਂ ਯਾਤਰਾ ਟਿਕਟਾਂ ਪੱਕੀਆਂ ਹੋ ਰਹੀਆਂ ਹਨ, ਉਹ ਇਸ ਦਾ ਭੁਗਤਾਨ ਸਿੱਧਾ ਏਅਰ ਇੰਡੀਆ ਨੂੰ ਕਰ ਰਹੇ ਹਨ। 7 ਵਿਚੋਂ ਪਹਿਲੀ ਉਡਾਣ ਵਿਚ ਭਾਰਤੀ ਪਾਸਪੋਰਟ ਧਾਰਕਾਂ ਨੂੰ ਸੰਵੇਦਨਸ਼ੀਲਤਾ ਅਤੇ ਸਿਹਤ ਵਰਗੇ ਆਧਾਰਾਂ 'ਤੇ ਪਹਿਲ ਦਿੱਤੀ ਗਈ ਹੈ। ਭਾਰਤੀ ਹਾਈ ਕਮਿਸ਼ਨ ਨੇ ਭੌਤਿਕ ਦੂਰੀ 'ਤੇ ਆਪਣੇ ਸੁਰੱਖਿਆ ਸੰਦੇਸ਼ ਵਿਚ ਕਿਹਾ ਕਿ ਅੱਜ ਲੰਡਨ ਤੋਂ ਮੁੰਬਈ ਜਾ ਰਹੀ ਪਹਿਲੀ ਫਲਾਈਟ 100 ਫੀਸਦੀ ਬੁੱਕ ਹੈ। ਇਸ ਵਿਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਮੰਤਰ ਦੋ ਗਜ ਦੂਰੀ ਬਹੁਤ ਹੈ ਜ਼ਰੂਰੀ ਦਾ ਵੀ ਪਾਲਨ ਕੀਤਾ ਜਾ ਰਿਹਾ ਹੈ। ਲੰਡਨ ਵਿਚ ਹੀਥਰੋ ਹਵਾਈ ਅੱਡੇ 'ਤੇ ਆਉਣ ਵਾਲੀ ਏਅਰ ਇੰਡੀਆ ਦੀਆਂ ਉਡਾਣਾਂ ਵਿਚ ਬ੍ਰਿਟੇਨ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਬ੍ਰਿਟਿਸ਼ ਪਾਸਪੋਰਟ ਧਾਰਕ ਵੀ ਆਉਣਗੇ।

ਕੋਸ਼ਿਸ਼ਾਂ ਵਿਚ ਸਹਾਇਤਾ ਕਰ ਰਹੇ ਸੰਗਠਨ ਓਵਰਸੀਜ਼ ਫ੍ਰੈਂਡਸ ਆਫ ਬੀਜੇਪੀ ਦੇ ਪ੍ਰਧਾਨ ਕੁਲਦੀਪ ਸ਼ੇਖਾਵਤ ਨੇ ਕਿਹਾ ਕਿ ਦੁਨੀਆ ਵਿਚ ਹੁਣ ਤੱਕ ਦਾ ਇਹ ਸਭ ਤੋਂ ਵੱਡੀ ਵਾਪਸੀ ਮੁਹਿੰਮ ਹੈ। ਉਡਾਣਾਂ ਉਦੋਂ ਤੱਕ ਚੱਲਣਗੀਆਂ ਜਦੋਂ ਤੱਕ ਕਿ ਅੰਤਿਮ ਭਾਰਤੀ ਨੂੰ ਵਤਨ ਨਹੀਂ ਪਹੁੰਚਾਇਆ ਜਾਂਦਾ। ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਤੋਂ ਫਲਾਈਟਾਂ ਲੜੀਵਾਰ ਤਰੀਕੇ ਨਾਲ ਰਵਾਨਾ ਹੋਣਗੀਆਂ ਜੋ ਮੰਗ 'ਤੇ ਨਿਰਭਰ ਕਰੇਗਾ ਅਤੇ ਜੇਕਰ ਭਰਪੂਰ ਯਾਤਰੀ ਹੋਏ ਤਾਂ ਉਨ੍ਹਾਂ ਹੋਰ ਭਾਰਤੀ ਸ਼ਹਿਰਾਂ ਵਿਚ ਵੀ ਸਿੱਧੀਆਂ ਉਡਾਣਾਂ ਭੇਜੀਆਂ ਜਾਣਗੀਆਂ ਜਿੱਥੇ ਕੌਮਾਂਤਰੀ ਹਵਾਈ ਅੱਡੇ ਹਨ।


Sunny Mehra

Content Editor

Related News