ਇਸ ਦੇਸ਼ ਦੇ ਰਾਸ਼ਟਰਪਤੀ ਨੇ ਜਾਰੀ ਕੀਤਾ ਫਰਮਾਨ, ''ਮਾਸਕ ਨੂੰ ਪੈਟਰੋਲ ਨਾਲ ਕਰੋ ਸਾਫ''

08/01/2020 3:39:59 AM

ਮਨੀਲਾ - ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨੇ ਕੋਰੋਨਾਵਾਇਰਸ ਮਾਸਕ ਨੂੰ ਸਾਫ ਕਰਨ ਲਈ ਅਜੀਬ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਪੈਟਰੋਲ ਨਾਲ ਆਪਣੇ ਫੇਸ ਮਾਸਕ ਨੂੰ ਵਾਇਰਸ ਤੋਂ ਮੁਕਤ ਕਰਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਗੱਲ ਉਹ ਮਜ਼ਾਕ ਵਿਚ ਨਹੀਂ ਕਹਿ ਰਹੇ ਹਨ।

ਪਹਿਲਾਂ ਵੀ ਅਜਿਹੇ ਬਿਆਨ ਦੇ ਚੁੱਕੇ ਹਨ ਰਾਸ਼ਟਰਪਤੀ ਦੁਤੇਤ੍ਰੇ
ਬੀ. ਬੀ. ਸੀ. ਮੁਤਾਬਕ ਦੁਤੇਤ੍ਰੇ ਨੇ ਪਿਛਲੇ ਹਫਤੇ ਵੀ ਪੈਟਰਲੋ ਨਾਲ ਮਾਸਕ ਸਾਫ ਕਰਨ ਨੂੰ ਲੈ ਕੇ ਬਿਆਨ ਦਿੱਤਾ ਸੀ, ਪਰ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਇਕ ਮਜ਼ਾਕ ਸੀ। ਰਾਸ਼ਟਰਪਤੀ ਨੇ ਆਪਣੇ ਪਹਿਲਾਂ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਆਲੋਚਕ ਕਹਿੰਦੇ ਹਨ ਕਿ ਦੁਤੇਤ੍ਰੇ ਪਾਗਲ ਹਨ। ਜੇਕਰ ਮੈਂ ਪਾਗਲ ਹਾਂ, ਤਾਂ ਤੁਹਾਨੂੰ ਰਾਸ਼ਟਰਪਤੀ ਹੋਣਾ ਚਾਹੀਦਾ, ਮੈਨੂੰ ਨਹੀਂ।

ਗੈਸ ਦਾ ਇਸਤੇਮਾਲ ਕਰ ਵੀ ਮਾਸਕ ਸਾਫ ਕਰਨ ਨੂੰ ਕਿਹਾ
ਉਨ੍ਹਾਂ ਕਿਹਾ ਕਿ ਮੈਂ ਜੋ ਕਿਹਾ ਹੈ ਕਿ, ਉਹ ਸੱਚ ਹੈ। ਖਾਸ ਤੌਰ 'ਤੇ ਗਰੀਬਾਂ ਲਈ, ਜੇਕਰ ਅਲਕੋਹਲ ਉਪਲੱਬਧ ਨਾ ਹੋਵੇ ਤਾਂ ਗੈਸੋਲਾਈਨ ਸਟੇਸ਼ਨ ਜਾਓ ਅਤੇ ਗੈਸ ਦਾ ਇਸਤੇਮਾਲ ਕਰ ਮਾਸਕ ਨੂੰ ਡਿਸਇੰਫੈਕਟ ਕਰ ਲੈਣ। ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ।

ਫਿਲੀਪੀਂਸ ਵਿਚ ਕੋਰੋਨਾ ਦੇ 89 ਹਜ਼ਾਰ ਤੋਂ ਜ਼ਿਆਦਾ ਮਾਮਲੇ
ਫਿਲੀਪੀਂਸ ਵਿਚ ਵੀਰਵਾਰ ਨੂੰ ਕੋਰੋਨਾ ਲਾਗ ਦੇ 3,954 ਨਵੇਂ ਮਾਮਲੇ ਪਾਏ ਗਏ। ਇਕ ਦਿਨ ਦਾ ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 89,374 ਹੋ ਗਈ ਹੈ ਅਤੇ ਇਸ ਨਾਲ 1,962 ਲੋਕਾਂ ਦੀ ਮੌਤ ਹੋ ਗਈ ਹੈ।
 


Khushdeep Jassi

Content Editor

Related News