ਕੌਂਸਲ ਇਕੱਠਾਂ ਸੰਬੰਧੀ ਨਿਯਮਾਂ ਨੂੰ ਸੋਧਣ ਲਈ ਕਰੇਗੀ ਵਿਚਾਰ : ਕੌਂਸਲ ਮੈਂਬਰ

12/12/2020 11:15:07 AM


ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਕਾਉਂਟੀ ਦੇ ਕੌਂਸਲ ਮੈਂਬਰ ਲੁਈਸ ਚਾਵੇਜ਼ ਦੇ ਅਨੁਸਾਰ, ਫਰਿਜ਼ਨੋ ਸਿਟੀ ਕੌਂਸਲ ਕੋਰੋਨਾ ਵਾਇਰਸ ਇਕੱਠਾਂ ਸੰਬੰਧੀ ਇੱਕ ਵੱਖਰੇ ਵਿਵਾਦਪੂਰਨ ਆਦੇਸ਼ ਨੂੰ ਵਿਚਾਰ ਵਟਾਂਦਰੇ ਲਈ ਪੇਸ਼ ਕੀਤੇ ਜਾਣ  ਤੋਂ ਦੋ ਦਿਨਾਂ ਬਾਅਦ ਘਰੇਲੂ ਅਤੇ ਜਨਤਕ ਇਕੱਠਾਂ ਨਾਲ ਸਬੰਧਤ ਇੱਕ ਸੋਧੇ ਹੋਏ ਆਰਡੀਨੈਂਸ 'ਤੇ ਵੀ ਵਿਚਾਰ ਕਰੇਗੀ।ਇਸ ਮਤੇ ਅਨੁਸਾਰ, ਜੇ ਫਰਿਜ਼ਨੋ ਕਾਉਂਟੀ ਵਿੱਚ ਇੰਟੈਂਸਿਵ ਕੇਅਰ ਯੂਨਿਟ ਬੈੱਡਾਂ ਦੀ ਗਿਣਤੀ ਘਟਦੀ  ਹੈ ਤਾਂ ਇਸ ਆਦੇਸ਼ ਦਾ ਨਵਾਂ ਸੰਸਕਰਣ ਸ਼ਹਿਰ ਦੇ ਵੱਡੇ ਇਕੱਠਾਂ ਜਾਂ ਸਮਾਰੋਹਾਂ ਲਈ ਕੋਰੋਨਾਂ ਵਾਇਰਸ ਸੁਰੱਖਿਆ ਆਦੇਸ਼ਾਂ ਨੂੰ ਲਾਗੂ ਕਰਨ ਲਈ ਛੋਟ ਦਿੰਦਾ ਹੈ।ਫਰਿਜ਼ਨੋ ਕਾਉਂਟੀ ਵਿੱਚ ਹਰ ਦਿਨ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਕਾਰਨ ਲਈ ਕਾਉਂਟੀ ਦੇ ਹਸਪਤਾਲਾਂ ਵਿੱਚ ਇੰਟੈਂਸਿਵ ਕੇਅਰ ਬੈੱਡਾਂ ਦੀ ਗਿਣਤੀ ਘੱਟ ਹੋ ਰਹੀ ਹੈ।
ਚਾਵੇਜ਼ ਦੇ ਅਨੁਸਾਰ, ਇੱਕ ਤੋਂ ਜ਼ਿਆਦਾ ਪੀੜ੍ਹੀਆਂ ਦੇ ਘਰਾਂ ਵਿੱਚ 15 ਜਾਂ ਵੱਧ ਲੋਕਾਂ ਦਾ  ਇੱਕ ਘਰ ਵਿੱਚ ਰਹਿਣਾ ਅਸਧਾਰਨ ਨਹੀਂ ਹੈ, ਇਸ ਲਈ ਅਸਲੀ ਆਰਡੀਨੈਂਸ ਨੇ ਕਦੇ ਕੋਈ ਸਾਰਥਿਕਤਾ ਨਹੀਂ ਦਿਖਾਈ ਸੀ।ਜਦਕਿ ਫਰਿਜ਼ਨੋ ਦੁਆਰਾ ਪਾਸ ਕੀਤੇ ਗਏ ਸ਼ਹਿਰ ਦੇ ਬਹੁਤ ਸਾਰੇ ਕੋਵਿਡ -19 ਨਿਯਮਾਂ ਦਾ ਵਿਰੋਧ ਕਰਨ ਵਾਲੇ ਕੌਂਸਲ ਮੈਂਬਰ ਗੈਰੀ ਬ੍ਰੈਡਫੀਲਡ ਨੇ ਨਵੇਂ ਪ੍ਰਸਤਾਵਿਤ ਆਰਡੀਨੈਂਸ ਨੂੰ ਪੁਰਾਣੇ ਵਾਲੇ ਤੋਂ ਅਲੱਗ ਨਹੀਂ ਦੱਸਿਆ ਹੈ।ਇਸਦੇ ਨਾਲ ਹੀ ਬ੍ਰੈਡਫੀਲਡ ਅਨੁਸਾਰ ਉਹ ਮਹੀਨਿਆਂ ਤੋਂ ਲੋਕਾਂ ਨੂੰ ਵਿਸ਼ਾਣੂ ਬਾਰੇ ਜਾਗਰੂਕ ਕਰ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਫੈਸਲੇ ਲੈਣ ਦੀ ਆਗਿਆ ਵੀ ਦਿੰਦਾ ਹੈ। ਜਦਕਿ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਪਰਿਵਾਰਕ ਇਕੱਠ ਵਾਇਰਸ ਦੇ  ਨਵੇਂ ਮਾਮਲਿਆਂ ਦਾ ਕਾਰਨ ਬਣਦੇ ਹਨ। ਇਹਨਾਂ ਨਵੇਂ ਸੋਧੇ ਹੋਏ ਆਦੇਸ਼ਾ ਵਿੱਚ ਗਵਰਨਰ ਗੈਵਿਨ ਨਿਊਸਮ ਨੂੰ ਹਸਪਤਾਲਾਂ ਦੇ ਬਿਸਤਰੇ, ਮੈਡੀਕਲ ਸਟਾਫ ਅਤੇ ਫਰਿਜ਼ਨੋ ਕਾਉਂਟੀ ਲਈ ਟੀਕਿਆਂ ਦੀ ਗਿਣਤੀ ਵਧਾਉਣ ਦੀ ਬੇਨਤੀ ਵੀ ਸ਼ਾਮਲ ਹੈ।
 


Lalita Mam

Content Editor

Related News