ਕੋਰੋਨਾ ਟੀਕਿਆਂ ਨੂੰ ਏਡਜ਼ ਨਾਲ ਜੋੜਨ ਵਾਲੇ ਬ੍ਰਾਜ਼ੀਲੀਅਨ ਰਾਸ਼ਟਰਪਤੀ ਦੇ ਬਿਆਨ ਦੀ ਹੋ ਸਕਦੀ ਹੈ ਜਾਂਚ
Saturday, Dec 04, 2021 - 03:29 PM (IST)
ਬ੍ਰਾਸੀਲੀਆ (ਏ. ਪੀ.)–ਬ੍ਰਾਜ਼ੀਲ ਦੀ ਉੱਚ ਅਦਾਲਤ ਦੇ ਇਕ ਜੱਜ ਨੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੇ ਕੋਵਿਡ-19 ਟੀਕਿਆਂ ਨੂੰ ਏਡਜ਼ ਨਾਲ ਜੋੜਨ ਵਾਲੇ ਬਿਆਨ ਦੀ ਜਾਂਚ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਗਿਆ। ਬੋਲਸੋਨਾਰੋ ਨੇ 24 ਅਕਤੂਬਰ ਨੂੰ ਪ੍ਰਸਾਰਿਤ ਹੋਏ ਇਕ ਸੰਬੋਧਨ ’ਚ ਕਿਹਾ ਸੀ ਕਿ ਬ੍ਰਿਟੇਨ ਦੀ ਸਰਕਾਰ ਦੀ ਅਧਿਕਾਰਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗੀਆਂ ਹਨ, ਉਨ੍ਹਾਂ ’ਚ ‘ਐਕਵਾਇਰਡ ਇਮਿਊਨੋ ਡੈਫੀਸ਼ਿਐਂਸੀ ਸਿੰਡ੍ਰੋਮ (ਏਡਜ਼) ਜਲਦੀ ਹੋ ਰਿਹਾ ਹੈ।’’ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕੁਝ ਦਿਨ ਬਾਅਦ ਇਹ ਵੀਡੀਓ ਹਟਾ ਦਿੱਤੀ ਗਈ ਕਿ ਇਸ ਨਾਲ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ ਵੀ ਬੋਲਸੋਨਾਰੋ ਦੇ ਇਸ ਦਾਅਵੇ ਦਾ ਖੰਡਨ ਕੀਤਾ ਗਿਆ ਹੈ। ਬ੍ਰਾਜ਼ੀਲ ਦੀ ਉੱਚ ਅਦਾਲਤ ਦੇ ਜੱਜ ਅਲੈਕਸਾਂਦ੍ਰੇ ਡੀ ਮੋਰੇਆਸ ਨੇ ਦੇਸ਼ ਦੇ ਚੋਟੀ ਦੇ ਸਰਕਾਰੀ ਵਕੀਲ ਆਗਸਟੋ ਅਰਾਸ ਨੂੰ ਮਹਾਮਾਰੀ ਦੀ ਜਾਂਚ ’ਚ ਬ੍ਰਾਜ਼ੀਲ ਦੀ ਸੈਨੇਟ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਅਜੇ ਤੱਕ ਕੋਵਿਡ ਟੀਕਾ ਨਹੀਂ ਲਗਵਾਇਆ ਹੈ ਅਤੇ ਉਹ ਟੀਕਾਕਰਨ ਦੀ ਜ਼ਰੂਰਤ ਦੇ ਵਿਰੋਧ ’ਚ ਬੋਲ ਰਹੇ ਹਨ। ਬੋਲਸੋਨਾਰੋ ਦਾ ਕਹਿਣਾ ਹੈ ਕਿ ਉਹ ਸਿਰਫ਼ ਇਕ ਮੈਗਜ਼ੀਨ ’ਚ ਛਪੇ ਇਕ ਲੇਖ ਦੇ ਹਵਾਲਾ ਦਿੰਦੇ ਰਹੇ ਹਨ ਅਤੇ ਉਨ੍ਹਾਂ ਕੋਈ ਦਾਅਵਾ ਨਹੀਂ ਕੀਤਾ ਹੈ। ਮੋਰੇਆਸ ਨੇ ਆਪਣੇ ਹੁਕਮ ’ਚ ਕਿਹਾ ਕਿ ਬੋਲਸੋਨਾਰੋ ਦੇ ਬਿਆਨ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਕੋਈ ਜਾਂਚ ਹੋਣ ਦੀ ਸੰਭਾਵਨਾ ਨਹੀਂ ਹੈ। ਅਰਾਸ ਰਾਸ਼ਟਰਪਤੀ ਦੇ ਵਿਰੋਧ ’ਚ ਨਹੀਂ ਜਾਂਦੇ ਹਨ ਅਤੇ ਸੈਨੇਟ ਕਮੇਟੀ ਵੱਲੋਂ ਬੇਨਤੀ ਦੇ ਬਾਵਜੂਦ ਮਹਾਮਾਰੀ ਨਾਲ ਨਜਿੱਠਣ ’ਚ ਬੋਲਸੋਨਾਰੋ ਦੀ ਭੂਮਿਕਾ ਦੀ ਵੀ ਜਾਂਚ ਨਹੀਂ ਕੀਤੀ। ਬੋਲਸੋਨਾਰੋ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਥਾਨਕ ਪੱਧਰ 'ਤੇ ਸਿਹਤ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਨਾਲ ਲਾਭ ਨਾਲੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ’ਚ ਕੋਵਿਡ-19 ਕਾਰਨ ਹੁਣ ਤੱਕ 6,10,000 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮਾਮਲੇ ’ਚ ਉਹ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।