ਵਿਸ਼ਵ ਭਰ ਦੇ ਸਾਗਰਾਂ ਦਾ ਔਸਤ ਤਾਪਮਾਨ 3.5 ਡਿਗਰੀ ਸੈਲਸੀਅਸ
Friday, Jan 05, 2018 - 12:13 AM (IST)

ਲਾਸ ਏਂਜਲਸ— ਵਿਗਿਆਨੀਆਂ ਨੇ ਦੱਸਿਆ ਕਿ ਆਧੁਨਿਕ ਸਮੇਂ ਵਿਚ ਵਿਸ਼ਵ ਭਰ ਦੇ ਸਾਗਰਾਂ ਦਾ ਔਸਤ ਤਾਪਮਾਨ 3.5 ਡਿਗਰੀ ਸੈਲਸੀਅਸ ਹੈ। ਉਨ੍ਹਾਂ ਨੇ ਸਾਗਰ ਦਾ ਔਸਤ ਤਾਪਮਾਨ ਮਾਪਣ ਦਾ ਇਕ ਨਵਾਂ ਤਰੀਕਾ ਲੱਭਿਆ ਹੈ। ਖੋਜਕਾਰਾਂ ਨੇ ਕਿਹਾ ਕਿ ਦੁਨੀਆ ਭਰ ਦੇ ਸਾਗਰ ਦੇ ਔਸਤ ਤਾਪਮਾਨ ਵਿਚ ਬਦਲਾਅ ਦਾ ਪਤਾ ਕਰਨਾ ਲੱਗਭਗ ਅਸੰਭਵ ਕੰਮ ਰਿਹਾ ਹੈ। ਪਾਣੀ ਦੀ ਹਰ ਪਰਤ ਦਾ ਤਾਪਮਾਨ ਬਿਲਕੁੱਲ ਵੱਖ ਹੋ ਸਕਦਾ ਹੈ।
ਅਜਿਹੇ ਵਿਚ ਸਮੁੰਦਰ ਦੀ ਪੂਰੀ ਪਰਤ ਅਤੇ ਡੂੰਘਾਈ ਦਾ ਔਸਤ ਤਾਪਮਾਨ ਪਤਾ ਕਰਨਾ ਚੁਣੌਤੀ ਭਰਿਆ ਹੁੰਦਾ ਹੈ ਪਰ ਹੁਣ ਅਮਰੀਕਾ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਸਾਨ ਡਿਆਗੋ ਦੇ ਖੋਜਕਾਰ ਇਸ ਦਾ ਪਤਾ ਲਾਉਣ ਵਿਚ ਸਮਰੱਥ ਹੋ ਸਕੇ ਹਨ। ਇਸ ਲਈ ਉਹ ਤਾਪਮਾਨ ਮਾਪਣ ਦੀ ਥਾਂ ਵਾਯੂਮੰਡਲ ਵਿਚ ਮੌਜੂਦ ਨੋਬਲ ਗੈਸਾਂ ਦੇ ਅਨੁਪਾਤ ਦਾ ਪਤਾ ਲਾਉਂਦੇ ਹਨ। ਇਨ੍ਹਾਂ ਗੈਸਾਂ ਦਾ ਸਾਗਰ ਤੇ ਤਾਪਮਾਨ ਨਾਲ ਸਿੱਧਾ ਸਬੰਧ ਹੁੰਦਾ ਹੈ। ਵਾਯੂਮੰਡਲ ਵਿਚ ਕਿੰਨੀਆਂ ਗੈਸਾਂ ਆਉਣਗੀਆਂ ਅਤੇ ਕਿੰਨੀ ਮਾਤਰਾ ਵਿਚ ਆਉਣਗੀਆਂ, ਇਹ ਸਾਗਰ ਦਾ ਤਾਪਮਾਨ ਤੈਅ ਕਰਦਾ ਹੈ।