ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ 34ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (ਤਸਵੀਰਾਂ)

Sunday, Apr 17, 2022 - 04:40 PM (IST)

ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ 34ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (ਤਸਵੀਰਾਂ)

ਸਿਡਨੀ/ਕੌਫਸਹਾਰਬਰ (ਮਨਦੀਪ ਸੈਣੀ/ਸੁਰਿੰਦਰ ਖੁਰਦ/ਸਨੀ ਚਾਂਦਪੁਰੀ/ਸੋਢੀ):- ਪਿਛਲੇ ਤਿੰਨ ਦਿਨਾਂ ਤੋਂ ਪੰਜਾਬੀਆਂ ਦੇ ਪਿੰਡ ਕਹੇ ਜਾਣ ਵਾਲੇ ਕੌਫਸਹਾਰਬਰ ਵਿਖੇ 34ਵੀਆਂ ਸਲਾਨਾ ਸਿੱਖ ਖੇਡਾਂ ਜੋ ਕਿ ਬੜੇ ਉਤਸ਼ਾਹ ਨਾਲ ਚੱਲ ਰਹੀਆਂ ਸਨ, ਦੀ ਸ਼ਾਨਦਾਰ ਢੰਗ ਨਾਲ ਤੀਸਰੇ ਦਿਨ ਸਮਾਪਤੀ ਹੋਈ। ਸਿੱਖ ਖੇਡਾਂ ਵਿੱਚ ਵਾਲੀਬਾਲ, ਸ਼ੌਕਰ, ਰੱਸਾ ਕੱਸੀ, ਅਤੇ ਪੰਜਾਬੀਅਤ ਦੀ ਮਾਂ ਖੇਡ ਕਬੱਡੀ ਦੀਆਂ ਟੀਮਾਂ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ। 

ਕਬੱਡੀ ਮੈਚਾਂ ਵਿੱਚ ਕਲੱਬਾਂ ਦੇ ਫਸਵੇਂ ਮੁਕਾਬਲੇ ਹੋਏ ਜਿਹਨਾ ਵਿੱਚ ਫ਼ਾਈਨਲ ਮੈਚ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੂਲਗੂਲਗਾ ਅਤੇ ਕਿੰਗਜ਼ ਕਲੱਬ ਮੈਲਬੌਰਨ ਵਿਚਕਾਰ ਹੋਇਆ। ਇਸ ਫਸਵੇਂ ਮੁਕਾਬਲੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੀ ਟੀਮ ਦੇ 29.5 ਅੰਕ ਅਤੇ ਕਿੰਗਜ਼ ਕਬੱਡੀ ਕਲੱਬ ਮੈਲਬੌਰਨ ਦੇ 18 ਅੰਕ ਨਾਲ ਇਹ ਫ਼ਾਈਨਲ ਮੁਕਾਬਲਾ ਵੂਲਗੂਲਗਾ ਦੀ ਟੀਮ ਨੇ ਜਿੱਤ ਲਿਆ। ਫ਼ਾਈਨਲ ਮੈਚ ਦੇ ਉੱਤਮ ਧਾਵੀ ਸੰਦੀਪ ਸੁਲਤਾਨ ਸ਼ਮਸ਼ਪੁਰ ਨੂੰ ਐਲਾਨਿਆ ਗਿਆ ਅਤੇ ਉੱਤਮ ਜਾਫੀ ਪਾਲਾ ਜਲਾਲਪੁਰ ਤੇ ਘੁੱਦਾ ਕਾਲਾ ਸੰਘਿਆ ਬਣਿਆ। 

PunjabKesari

ਇਸ ਦੌਰਾਨ ਗੋਪਾ ਬੈਸ ਟੀ ਪੁੱਕੀ, ਮਾਨਾ ਆਕਲੈਡ, ਸਤਨਾਮ ਸਿੰਘ ਮੁਲਤਾਨੀ, ਲਾਡੀ ਬਿਜਲੀਵਾਲ, ਪੰਮੀ ਬਲੀਨਾ ਅਤੇ ਬੱਬਲੂ ਹੈਮਿਲਟਨ ਵੱਲੋਂ ਜ਼ਖ਼ਮੀ ਖਿਡਾਰੀ ਅਤੇ ਜੇਤੂ ਟੀਮ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਫ਼ਾਈਨਲ ਮੈਚ ਦੌਰਾਨ ਇੱਕ ਖਿਡਾਰੀ ਦੇ ਸੱਟ ਲੱਗ ਗਈ ਅਤੇ ਕੱਬਡੀ ਫੈਡਰੇਸ਼ਨਾਂ ਤੇ ਦਰਸ਼ਕਾਂ ਵੱਲੋਂ ਤੁਰੰਤ ਉਸ ਖਿਡਾਰੀ ਨੂੰ 50 ਹਜ਼ਾਰ ਨਗਦੀ ਡਾਲਰ ਦੀ ਮਾਲੀ ਮਦਦ ਕੀਤੀ ਗਈ। 

ਬਾਰਿਸ਼ ਵੀ ਖੇਡਾਂ ਦਾ ਉਤਸ਼ਾਹ ਘਟਾ ਨਾ ਸਕੀ :
ਸਿੱਖ ਖੇਡਾਂ ਦੌਰਾਨ ਪਿਛਲੇ ਦੋ ਦਿਨ ਤੋਂ ਬਾਰਿਸ਼ ਪੈ ਰਹੀ ਸੀ ਪਰ ਬਾਰਿਸ਼ ਦੇ ਬਾਵਜੂਦ ਵੀ ਖਿਡਾਰੀਆਂ ਅਤੇ ਦਰਸ਼ਕਾਂ ਦਾ ਹੌਂਸਲਾ ਘੱਟ ਨਾ ਹੋਇਆ। ਬਾਰਿਸ਼ ਦੌਰਾਨ ਦਰਸ਼ਕਾਂ ਨੇ ਚੱਲਦੀ ਬਾਰਿਸ਼ ਵਿੱਚ ਮੈਚ ਦੇਖੇ ਜੋ ਕਿ ਪੰਜਾਬੀਆਂ ਦਾ ਮਾਂ ਖੇਡ ਕਬੱਡੀ ਵਾਰੇ ਪਿਆਰ ਦਰਸਾ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਆ ਕੇ 34ਵੀਆਂ ਸਿੱਖ ਖੇਡਾਂ ਦਾ ਆਨੰਦ ਮਾਣਿਆ। ਖੇਡਾਂ ਦੇ ਦੂਸਰੇ ਦਿਨ ਕਰਵਾਏ ਗਏ ਸਿੱਖ ਫਾਰਮ ‘ਚ ਸਿੱਖ ਮਸਲਿਆਂ ‘ਤੇ ਚਰਚਾ ਕੀਤੀ ਗਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਵਲਗੂਲਗਾ ਟੀਮ ਨੇ ਜਿੱਤਿਆ ਸਿੱਖ ਖੇਡਾਂ ਆਸਟ੍ਰੇਲੀਆ ਦਾ ਫਾਈਨਲ ਕੱਪ

ਅਗਲੇ ਸਾਲ ਕੁਈਨਜ਼ਲੈਂਡ ਵਿੱਚ ਹੋਣਗੀਆਂ 35ਵੀਆਂ ਸਿੱਖ ਖੇਡਾਂ :-

34ਵੀਆਂ ਸਿੱਖ ਖੇਡਾਂ ਦੀ ਸ਼ਾਨਦਾਰ ਸਮਾਪਤੀ ਤੋਂ ਬਾਅਦ ਏ.ਐਨ.ਐਸ.ਐਸ.ਏ.ਸੀ.ਸੀ. ਨੈਸ਼ਨਲ ਕਮੇਟੀ ਵੱਲੋਂ ਖੇਡਾਂ ਦਾ ਝੰਡਾ ਏ.ਐਨ.ਐਸ.ਐਸ ਏ.ਸੀ.ਸੀ. ਕੁਈਨਜ਼ਲੈਂਡ ਨੂੰ ਦਿੱਤਾ ਗਿਆ, ਜਿਸ ਨਾਲ 35ਵੀਆਂ ਸਿੱਖ ਖੇਡਾਂ ਬ੍ਰਿਸਬੇਨ ਵਿਖੇ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਧਾਮੀ, ਵਾਈਸ ਪ੍ਰਧਾਨ ਰੌਕੀ ਭੁੱਲਰ, ਸੈਕਟਰੀ ਜਗਦੀਪ ਭਿੰਡਰ, ਗੁਰਜੀਤ ਸਿੰਘ, ਕਲਚਰਲ ਕੁਆਰਡੀਨੇਟਰ ਰਨਦੀਪ ਜੌਹਲ, ਰਾਸ਼ਟਰੀ ਪ੍ਰਧਾਨ ਸਰਬਜੋਤ ਢਿੱਲੋ, ਰੁਪਿੰਦਰ ਬਰਾੜ (ਪਨਵਿਕ ਗੁਰੱਪ) ਸੈਕਟਰੀ ਪ੍ਰਦੀਪ ਪੈਂਗਲੀ, ਕਲਚਰਲ ਕੁਆਰਡੀਨੇਟਰ ਮਨਜੀਤ ਬੋਪਾਰਾਏ, ਵੁਮੈਨ ਰਿਪਰਸੈਂਟਿਵ ਪਰਮਵੀਰ ਸੰਘਾ ਕੌਫਸਹਾਰਬਰ ਦੇ ਪ੍ਰਧਾਨ ਗੁਰਦਿਆਲ ਰਾਏ ਅਤੇ ਕਬੱਡੀ ਕੁਆਰਡੀਨੇਟਰ ਸ਼ਾਬੀ ਘੁੰਮਣ ਆਦਿ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News