ਥਾਈ ਮੰਦਰ ਤੋਂ ਮੁਕਤ ਕਰਵਾਏ ਗਏ ਦਰਜਨਾਂ ਟਾਈਗਰਾਂ ਦੀ ਮੌਤ

Monday, Sep 16, 2019 - 04:28 PM (IST)

ਥਾਈ ਮੰਦਰ ਤੋਂ ਮੁਕਤ ਕਰਵਾਏ ਗਏ ਦਰਜਨਾਂ ਟਾਈਗਰਾਂ ਦੀ ਮੌਤ

ਬੈਂਕਾਕ (ਭਾਸ਼ਾ)— ਥਾਈਲੈਂਡ ਵਿਚ ਇਕ ਵਿਵਾਦਮਈ ਮੰਦਰ ਤੋਂ ਮੁਕਤ ਕਰਵਾਏ ਗਏ 147 ਟਾਈਗਰਾਂ ਵਿਚੋਂ ਅੱਧੇ ਤੋਂ ਜ਼ਿਆਦਾ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਲਈ ਪ੍ਰਜਨਨ ਨਾਲ ਜੁੜੇ ਜੈਨੇਟਿਕ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਾਸ਼ਟਰੀ ਪਾਰਕ, ਜੰਗਲੀ ਜੀਵ ਅਤੇ ਬਨਸਪਤੀ ਸੁਰੱਖਿਆ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਸੂਬੇ ਕਾਂਚਨਬਰੀ ਦੇ ਵਾਤ ਫਾ ਲੁਆਂਗ ਤਾ ਬੁਆ ਮੰਦਰ ਨੇ ਦਰਜਨਾਂ ਸੈਲਾਨੀਆਂ ਨੂੰ ਟਾਈਗਰਾਂ ਨਾਲ ਤਸਵੀਰਾਂ ਖਿੱਚਵਾਉਣ ਲਈ ਸਾਲਾਂ ਤੱਕ ਆਪਣੇ ਵੱਲ ਆਕਰਸ਼ਿਤ ਕੀਤਾ। ਭਾਵੇਂਕਿ ਇਸ ਲਈ ਸੈਲਾਨੀਆਂ ਨੂੰ ਸ਼ੁਲਕ ਦੇਣਾ ਪੈਂਦਾ ਸੀ। 

ਪਾਰਕ ਅਧਿਕਾਰੀਆਂ ਨੇ ਮਾੜੇ ਪ੍ਰਬੰਧਾਂ ਦੇ ਦੋਸ਼ਾਂ ਦੇ ਮੱਦੇਨਜ਼ਰ 2016 ਵਿਚ ਟਾਈਗਰਾਂ ਨੂੰ ਹਟਾਉਣ ਲਈ ਇਕ ਲੰਬੀ ਕਾਰਵਾਈ ਸ਼ੁਰੂ ਕੀਤੀ ਸੀ। ਉੱਥੇ ਇਹ ਦੋਸ਼ ਵੀ ਲਗਾਏ ਗਏ ਕਿ ਟਾਈਗਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਟਾਈਗਰਾਂ ਦੇ ਦਰਜਨਾਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਫ੍ਰੀਜ਼ਰ ਵਿਚ ਪਾਈਆਂ ਗਈਆਂ ਸਨ, ਜਿਸ ਨੇ ਇਨ੍ਹਾਂ ਦਾਅਵਿਆਂ ਨੂੰ ਮਜ਼ਬੂਤੀ ਦਿੱਤੀ ਕਿ ਉਨ੍ਹਾਂ ਦੇ ਕੰਕਾਲ ਮੰਦਰ ਵੱਲੋਂ ਵੇਚੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਟਾਈਗਰਾਂ ਦੇ ਅੰਗਾਂ ਦੇ ਬਦਲੇ ਚੀਨ ਅਤੇ ਵੀਅਤਨਾਮ ਵਿਚ ਮੋਟੀ ਰਾਸ਼ੀ ਮਿਲਦੀ ਹੈ, ਜਿੱਥੇ ਇਹ ਮਾਨਤਾ ਹੈ ਕਿ ਉਸ ਦੇ ਮੈਡੀਕਲ ਲਾਭ ਹਨ। 

ਪਾਰਕ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਉਂਦੇ ਬਚੇ ਟਾਈਗਰਾਂ ਨੂੰ ਨੇੜਲੇ ਰਚਾਬਰੀ ਸੂਬੇ ਵਿਚ ਦੋ ਪ੍ਰਜਨਨ ਕੇਂਦਰ 'ਤੇ ਲਿਜਾਇਆ ਗਿਆ ਸੀ। ਉਨ੍ਹਾਂ ਨੇ ਕਿਹਾ,''ਇਸ ਨੂੰ ਪ੍ਰਜਨਨ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।'' ਉਨਾਂ ਨੇ ਅੱਗੇ ਕਿਹਾ,''ਉਨ੍ਹਾਂ ਵਿਚ ਜੈਨੇਟਿਕ ਸਮੱਸਿਆਵਾਂ ਸਨ, ਜਿੰਨ੍ਹਾਂ ਨੇ ਉਨ੍ਹਾਂ ਦੇ ਸਰੀਰ ਅਤੇ ਰੋਗ ਸਮਰੱਥਾ ਪ੍ਰਣਾਲੀ ਲਈ ਖਤਰਾ ਪੈਦਾ ਕੀਤਾ। ਕਈਆਂ ਦੀ ਜੀਭ ਆਕੜ ਗਈ, ਸਾਹ ਲੈਣ ਵਿਚ ਮੁਸ਼ਕਲ ਹੋਈ ਅਤੇ ਭੁੱਖ ਨਾ ਲੱਗਣ ਕਾਰਨ ਉਨ੍ਹਾਂ ਦੀਆਂ ਮੌਤਾਂ ਹੋਈਆਂ।''


author

Vandana

Content Editor

Related News