ਹੁਣ ਲਾਸ਼ਾਂ ਤੋਂ ਫੈਲ ਰਿਹੈ ਇਨਫੈਕਸ਼ਨ, ਥਾਈਲੈਂਡ ''ਚ ਸਾਹਮਣੇ ਆਇਆ ਪਹਿਲਾ ਮਾਮਲਾ

Thursday, Apr 16, 2020 - 03:16 PM (IST)

ਹੁਣ ਲਾਸ਼ਾਂ ਤੋਂ ਫੈਲ ਰਿਹੈ ਇਨਫੈਕਸ਼ਨ, ਥਾਈਲੈਂਡ ''ਚ ਸਾਹਮਣੇ ਆਇਆ ਪਹਿਲਾ ਮਾਮਲਾ

ਬੈਂਕਾਕ (ਬਿਊਰੋ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ।ਇਸ ਦੌਰਾਨ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਥਾਈਲੈਂਡ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਦੂਜਿਆਂ ਵਿਚ ਇਨਫੈਕਸ਼ਨ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਇਨਫੈਕਸ਼ਨ ਮਰੀਜ਼ ਦੀ ਲਾਸ਼ ਤੋਂ ਲਾਸ਼ ਦਾ ਟੈਸਟ ਕਰਨ ਵਾਲੇ ਨੂੰ ਹੋਇਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਨੂੰ ਵਿਸ਼ਵ ਵਿਚ ਦਰਜ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ ਮਾਹਰਾਂ ਨੇ ਮੁਰਦਾਘਰ ਅਤੇ ਅੰਤਿਮ ਸੰਸਕਾਰ ਸਥਲਾਂ ਤੋਂ ਇਨਫੈਕਸ਼ਨ ਫੈਲਣ ਦੀ ਚਿੰਤਾ ਜ਼ਾਹਰ ਕੀਤੀ ਹੈ।

ਬੈਂਕਾਕ ਦੇ ਵਿਗਿਆਨੀਆਂ ਨੇ ਜਰਨਲ ਆਫ ਫੌਰੇਂਸਿਕ ਲੀਗਲ ਮੈਡੀਸਨ ਸਟੱਡੀ ਵਿਚ ਸ਼ੋਧ ਜਾਰੀ ਕਰਦਿਆਂ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਹ ਸ਼ੋਧ ਬੈਂਕਾਕ ਦੇ ਆਰ.ਵੀ.ਟੀ. ਮੈਡੀਕਲ ਕੇਂਦਰ ਦੇ ਵੋਨ ਸ਼੍ਰੀਵਿਜਿਤਾਲਾਈ ਅਤੇ ਚੀਨ ਦੇ ਹੇਨਾਨ ਮੈਡੀਕਲ ਯੂਨੀਵਰਸਿਟੀ ਦੇ ਵਿਰੋਜ ਵਾਈਵਾਨਿਤਕਿਤ ਨੇ ਕੀਤੀ ਹੈ। ਇਹਨਾਂ ਨੇ ਦੱਸਿਆ ਕਿ ਕੋਰੋਨਾ ਇਨਫੈਕਟਿਡ ਜਿਉਂਦੇ ਜਾਂ ਮ੍ਰਿਤਕ ਮਰੀਜ਼ ਦੀ ਲਾਸ਼ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਹਰੇਕ ਵਿਅਕਤੀ ਨਿੱਜੀ ਸੁਰੱਖਿਆ ਉਪਕਰਨ ਜ਼ਰੂਰ ਪਾਵੇ। ਖਾਸ ਤੌਰ 'ਤੇ ਪੋਸਟਮਾਰਟਮ ਅਤੇ ਲਾਸ਼ ਪਰੀਖਣ ਦੇ ਸਮੇਂ ਕੋਵਿਡ-19 ਦੀ ਬੀਮਾਰੀ ਨਾਲ ਪੀੜਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਵਾਇਰਸ ਇਨਫੈਕਸ਼ਨ ਨਾਲ ਮਾਰੇ ਗਏ ਲੋਕਾਂ ਦੀ ਲਾਸ਼ ਦਾ ਅੰਤਿਮ ਸੰਸਕਾਰ ਬਹੁਤ ਸਾਵਧਾਨੀ ਨਾਲ ਹੋਣਾ ਚਾਹੀਦਾ ਹੈ। ਹਸਪਤਾਲ ਤੋਂ ਵੀ ਲਾਸ਼ ਪੂਰੀ ਸਾਵਧਾਨੀ ਨਾਲ ਅੰਤਿਮ ਸੰਸਕਾਰ ਲਈ ਭੇਜੀ ਜਾਣੀ ਚਾਹੀਦੀ ਹੈ। ਸ਼੍ਰੀਲੰਕਾ ਸਰਕਾਰ ਨੇ ਵੀ ਲਾਸ਼ ਨਾਲ ਇਨਫੈਕਸ਼ਨ ਦਾ ਖਤਰਾ ਦੇਖਦੇ ਹੋਏ ਮੁਸਲਿਮ ਭਾਈਚਾਰੇ ਦੇ ਇਤਰਾਜ਼ ਨੂੰ ਨਜ਼ਰ ਅੰਦਾਜ ਕਰਦਿਆਂ ਸਾਰੀਆਂ ਲਾਸ਼ਾਂ ਸਾੜਨ ਦਾ ਆਦੇਸ਼ ਦਿੱਤਾ ਹੈ। ਇੱਥੇ ਕਈ ਮੁਸਲਿਮ ਭਾਈਚਾਰੇ ਦੇ ਮ੍ਰਿਤਕਾਂ ਦੀਆਂ ਲਾਸ਼ਾਂ ਸਾੜ ਦਿੱਤੀਆਂ ਗਈਆਂ ਹਨ। ਮੌਜੂਦਾ ਅਧਿਐਨ ਵਿਚ ਇਹ ਸਾਫ ਨਹੀਂ ਹੋਇਆ ਹੈ ਕਿ ਲਾਸ਼ ਵਿਚ ਕੋਰੋਨਾਵਾਇਰਸ ਕਦੋਂ ਤੱਕ ਰਹਿ ਸਕਦਾ ਹੈ ਜਾਂ ਲਾਸ਼ ਨੂੰ ਛੂਹਣ ਨਾਲ ਇਹ ਕਿਸ ਤਰ੍ਹਾਂ ਫੈਲ ਸਕਦਾ ਹੈ। ਭਾਵੇਂਕਿ ਦੁਨੀਆ ਭਰ ਵਿਚ ਮੁਰਦਾ ਘਰਾਂ ਵਿਚ ਸੇਵਾਵਾਂ ਦੇ ਰਹੇ ਸਿਹਤ ਕਰਮੀਆਂ ਨੇ ਇਨਫੈਕਸਨ ਦਾ ਖਤਰਾ ਜ਼ਾਹਰ ਕੀਤਾ ਹੈ।
 


author

Vandana

Content Editor

Related News