ਟੈਕਸਾਸ ''ਚ ਡਾਕਟਰ ‘ਤੇ ਲੱਗਾ ਆਪਣੇ ਪਰਿਵਾਰ ਲਈ ਕੋਰੋਨਾ ਵੈਕਸੀਨ ਚੋਰੀ ਕਰਨ ਦਾ ਦੋਸ਼
Sunday, Jan 24, 2021 - 06:08 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸੂਬੇ ਟੈਕਸਾਸ ਦੇ ਇੱਕ ਡਾਕਟਰ 'ਤੇ ਕੋਰੋਨਾ ਦੀ ਵੈਕਸੀਨ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਹੈਰਿਸ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕਿਮ ਓਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਉਂਟੀ ਦੇ ਪਬਲਿਕ ਹੈਲਥ ਸਿਸਟਮ ਨਾਲ ਕੰਮ ਕਰਨ ਵਾਲੇ ਡਾਕਟਰ ਹਸਨ ਗੋਕਲ 'ਤੇ 29 ਦਸੰਬਰ ਨੂੰ ਹੰਬਲ ਟੀਕਾਕਰਨ ਸਾਈਟ 'ਤੇ ਕੰਮ ਕਰਨ ਦੌਰਾਨ ਕੋਰੋਨਾ ਟੀਕੇ ਦੀਆਂ 9 ਖ਼ੁਰਾਕਾਂ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵੈਕਸੀਨ ਚੋਰੀ ਕਰਨ ਦੇ ਇੱਕ ਹਫ਼ਤੇ ਬਾਅਦ, ਗੋਕਲ ਨੇ ਆਪਣੇ ਇੱਕ ਸਹਿ ਕਰਮਚਾਰੀ ਨੂੰ ਚੋਰੀ ਦੀ ਇਸ ਘਟਨਾ ਬਾਰੇ ਦੱਸਿਆ, ਜਿਸ ਨੇ ਇਸ ਬਾਰੇ ਆਪਣੇ ਸੁਪਰਵਾਈਜ਼ਰਾਂ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਡਾਕਟਰ ਗੋਕਲ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ।
ਓਗ ਨੇ ਦੱਸਿਆ ਕਿ ਗੋਕਲ ਨੇ ਵੈਕਸੀਨ ਨੂੰ ਜ਼ਰੂਰਤਮੰਦਾਂ ਨੂੰ ਦੇਣ ਦੀ ਬਜਾਏ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੇਣ ਲਈ ਚੋਰੀ ਕੀਤੀ, ਜੋ ਕਿ ਗੈਰ-ਕਾਨੂੰਨੀ ਹੈ ਅਤੇ ਇਸ ਦੋਸ਼ ਲਈ ਗੋਕਲ ਨੂੰ ਕਾਨੂੰਨ ਅਧੀਨ ਜਵਾਬਦੇਹ ਠਹਿਰਾਇਆ ਜਾਵੇਗਾ। ਜਦਕਿ ਗੋਕਲ ਦੇ ਵਕੀਲ ਪੌਲ ਡੋਇਲ ਨੇ ਡਾਕਟਰ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਟੀਕਾ ਕਿਸੇ ਵੀ ਸਮੇਂ ਖ਼ਤਮ ਹੋ ਸਕਦਾ ਸੀ। ਇਸ ਮਾਮਲੇ ਨਾਲ ਜੁੜੇ ਅਧਿਕਾਰੀਆਂ ਅਨੁਸਾਰ ਡਾਕਟਰ ਹਸਨ ਗੋਕਲ ਨੂੰ ਜੇਲ੍ਹ ਦੀ ਸਜ਼ਾ ਦੇ ਨਾਲ 4,000 ਡਾਲਰ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।