‘ਚਾਇਨਾ ਵਾਇਰਸ’ ਸ਼ਬਦ ਲਈ ਅਮਰੀਕੀ ਫੁੱਟਬਾਲ ਟੀਮ ਦੇ ਪ੍ਰਧਾਨ ਨੇ ਮੰਗੀ ਮੁਆਫੀ

Thursday, Oct 28, 2021 - 01:21 AM (IST)

‘ਚਾਇਨਾ ਵਾਇਰਸ’ ਸ਼ਬਦ ਲਈ ਅਮਰੀਕੀ ਫੁੱਟਬਾਲ ਟੀਮ ਦੇ ਪ੍ਰਧਾਨ ਨੇ ਮੰਗੀ ਮੁਆਫੀ

ਹਿਊਸਟਨ - ਅਮਰੀਕਾ ਦੀ ਇਕ ਪੇਸ਼ੇਵਰ ਫੁੱਟਬਾਲ ਟੀਮ ਹਿਊਸਟਨ ਟੈਕਸਾਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੈਲ ਮੈਕਨਾਇਰ ਨੇ ਮਈ ਵਿਚ ਟੀਮ ਦੇ ਇਕ ਚੈਰਿਟੀ ਗੋਲਫ ਟੂਰਨਾਮੈਂਟ ਦੌਰਾਨ ਕੋਰੋਨਾ ਵਾਇਰਸ ਲਈ ‘ਚਾਇਨਾ ਵਾਇਰਸ’ ਸ਼ਬਦ ਦੀ ਵਰਤੋਂ ਕਰਨ ’ਤੇ ਮੁਆਫੀ ਮੰਗੀ ਹੈ।

ਕੋਰੋਨਾ ਵਾਇਰਸ ਲਈ ‘ਚਾਇਨਾ ਵਾਇਰਸ’ ਸ਼ਬਦ ਦੀ ਵਰਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਕਰਦੇ ਸਨ। ਕਈ ਲੋਕ ਇਸ ਨੂੰ ਏਸ਼ੀਆਈ ਲੋਕਾਂ ਪ੍ਰਤੀ ਅਸੰਵੇਦਨਸ਼ੀਲ ਰਵੱਈਆ ਮੰਨਦੇ ਹਨ, ਕਿਉਂਕਿ ਇਨ੍ਹਾਂ ਸ਼ਬਦਾਂ ਦੇ ਜਰੀਏ ਕੋਵਿਡ-19 ਲਈ ਚੀਨ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਹੈ। ਕੋਵਿਡ-19 ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਵਿਚ 2019 ਵਿਚ ਸਾਹਮਣੇ ਆਇਆ ਸੀ। ‘ਬੈਲੀ ਸਪੋਰਟਸ’ ਨੇ ਮੰਗਲਵਾਰ ਨੂੰ ਦੱਸਿਆ ਕਿ ਮੈਕਨਾਇਰ ਨੇ ਗੋਲਫ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ 100 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਪਿਛਲੇ ਸਾਲ ਇਸ ਆਯੋਜਨ ਨੂੰ ਰੱਦ ਕੀਤੇ ਜਾਣ ਲਈ ਵਾਇਰਸ ਨੂੰ ਦੋਸ਼ੀ ਠਹਿਰਾਇਆ ਸੀ।

ਇਹ ਵੀ ਪੜ੍ਹੋ - ਅਮਰੀਕਾ ਦੀ HHS ਬਿਲਡਿੰਗ 'ਚ ਬੰਬ ਦੀ ਸੂਚਨਾ ਤੋਂ ਬਾਅਦ ਮਚੀ ਭਾਜੜ

ਮੈਕਨਾਇਰ ਨੇ ਬੈਲੀ ਸਪੋਰਟਸ ਨੂੰ ਦਿੱਤੇ ਇਕ ਬਿਆਨ ਵਿਚ ਕਿਹਾ, ‘‘ਪਿਛਲੇ ਸਾਲ ਮਈ ਵਿਚ ਆਯੋਜਿਤ ਸਮਾਰੋਹ ’ਚ ਮੈਂ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ, ਉਹ ਅਣ-ਉਚਿਤ ਸਨ। ਮੈਂ ਉਸ ਸਮੇਂ ਲੋਕਾਂ ਤੋਂ ਤੁਰੰਤ ਮੁਆਫੀ ਮੰਗੀ ਸੀ ਅਤੇ ਮੈਂ ਅੱਜ ਫਿਰ ਮੁਆਫੀ ਮੰਗਦਾ ਹਾਂ। ਮੈਂ ਜਾਣਦਾ ਹਾਂ ਕਿ ਆਪਣੇ ਸ਼ਬਦਾਂ ਨੂੰ ਸੋਚ-ਸਮਝ ਕੇ ਚੁਣਨਾ ਚਾਹੀਦਾ ਹੈ।’’

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News