ਅੱਤਵਾਦੀਆਂ ਨੇ ਅੱਗੇ ਵਧਣ ਦੀਆਂ ਚਾਹਵਾਨ ਅਫਗਾਨ ਔਰਤਾਂ ਦੀ ਬਣਾਈ ਹਿੱਟ ਲਿਸਟ

05/10/2021 7:03:49 PM

ਇੰਟਰਨੈਸ਼ਨਲ ਡੈਸਕ : ਅਮਰੀਕੀ ਫੌਜ ਜਿਉਂ-ਜਿਉਂ ਅਫਗਾਨਿਸਤਾਨ ’ਚੋਂ ਆਪਣਾ ਸਾਮਾਨ ਸਮੇਟ ਰਹੀਆਂ ਹਨ, ਤਿਉਂ ਤਿਉਂ ਅੱਤਵਾਦੀ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਸ਼ਨੀਵਾਰ ਨੂੰ ਰਾਜਧਾਨੀ ਕਾਬੁਲ ’ਚ ਸੱਯਦ ਉਲ ਸ਼ੁਹਾਦਾ ਹਾਈ ਸਕੂਲ ਦੇ ਬਾਹਰ ਬੰਬ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ। ਹਮਲਾ ਉਦੋਂ ਹੋਇਆ, ਜਦੋਂ ਬੱਚੇ ਸਕੂਲ ਤੋਂ ਘਰ ਜਾ ਰਹੇ ਸੀ। ਗ੍ਰਹਿ ਮੰਤਰਾਲੇ ਅਨੁਸਾਰ ਮਰਨ ਵਾਲਿਆਂ ’ਚ ਜ਼ਿਆਦਾਤਰ 11 ਤੋਂ 15 ਸਾਲ ਦੀਆਂ ਕੁੜੀਆਂ ਹਨ। ਮੰਤਰਾਲੇ ਦੇ ਬੁਲਾਰੇ ਤਾਰੀਕ ਅਰੀਆਨ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ 100 ਤੋਂ ਪਾਰ ਹੈ। ਇਹ ਸਕੂਲ ’ਚ ਮੁੰਡੇ ਤੇ ਕੁੜੀਆਂ ਦੋਵੇਂ ਪੜ੍ਹਦੇ ਸਨ ਪਰ ਸਾਰਿਆਂ ਦਾ ਸਮਾਂ ਵੱਖਰਾ ਸੀ, ਇਹ ਸਕੂਲ ਤਿੰਨ ਸ਼ਿਫਟਾਂ ’ਚ ਕੰਮ ਕਰਦਾ ਸੀ। ਵਿਦਿਆਰਥਣਾਂ ਦੂਜੀ ਸ਼ਿਫ਼ਤ ’ਚ ਪੜ੍ਹਦੀਆਂ ਸਨ। ਹਮਲਾ ਉਸੇ ਵੇਲੇ ਹੋਇਆ, ਜਦੋਂ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਘਰ ਜਾ ਰਹੀਆਂ ਸਨ। ਹਮਲੇ ਤੋਂ ਬਾਅਦ ਅਮਰੀਕਾ ਤਾਲਿਬਾਨ ’ਚ ਹੋਏ ਸੀਜ਼ਫਾਇਰ ’ਤੇ ਵੀ ਸਵਾਲਾਂ ’ਚ ਹੈ। ਦੂਜੇ ਪਾਸੇ ਇਸਲਾਮਿਕ ਸਟੇਟ ਦੇਸ਼ ’ਚ ਨੈੱਟਵਰਕ ਮਜ਼ਬੂਤ ਕਰਨ ਲੱਗਾ ਹੈ। ਅਜਿਹੀ ਹਾਲਤ ’ਚ ਅੱਗੇ ਵਧਣ ਦਾ ਸੁਫਨਾ ਦੇਖਣ ਵਾਲੀਆਂ ਅਫਗਾਨ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਸਹੀ ਸਾਬਿਤ ਹੋ ਰਹੀਆਂ ਹਨ।

PunjabKesari

ਅੱਗੇ ਵਧਣ ਦੀਆਂ ਚਾਹਵਾਨ 400 ਔਰਤਾਂ ਦੀ 2020 ’ਚ ਲਈ ਜਾਨ 
ਅਫਗਾਨਿਸਤਾਨ ’ਚ ਔਰਤਾਂ ’ਚ ਸਿਰਫ ਇਕ ਹੀ ਚਿੰਤਾ ਹੈ। ਅਮਰੀਕੀ ਫੌਜ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਕੀ ਹੋਵੇਗਾ। ਅਫਗਾਨਿਸਤਾਨ ’ਚ ਮੌਜੂਦ ਯੂ. ਐੱਨ. ਮਿਸ਼ਨ ਦੇ ਅਨੁਸਾਰ 2020 ’ਚ ਅੱਤਵਾਦੀਆਂ ਨੇ ਅੱਗੇ ਵਧਣ ਦੀਆਂ ਚਾਹਵਾਨ ਤਕਰੀਬਨ 400 ਔਰਤਾਂ ਦੀ ਹੱਤਿਆ ਕੀਤੀ। ਇਨ੍ਹਾਂ ’ਚ ਪੱਤਰਕਾਰ, ਉਚੇਰੀ ਸਿੱਖਿਆ ਲਈ ਯਤਨਸ਼ੀਲ ਤੇ ਸਮਾਜਿਕ ਕਾਰਜਕਰਤਾ ਸ਼ਾਮਲ ਸਨ। ਤਾਲਿਬਾਨ ਨੇ 2001 ਤੋਂ ਬਾਅਦ ਅੱਗੇ ਵਧਣ ਵਾਲੀਆਂ ਔਰਤਾਂ ਦੀ ਹੱਤਿਆ ਕਰਨ ਲਈ ਹਿੱਟ ਲਿਸਟ ਵੀ ਬਣਾਈ ਹੋਈ ਹੈ।

PunjabKesari

ਸ਼ੀਆ ਬਹੁਲਤਾ ਵਾਲੇ ਇਲਾਕਿਆਂ ’ਚ ਕੀਤਾ ਹੈ ਹਮਲਾ
ਹਮਲਾ ਸ਼ੀਆ ਬਹੁਲਤਾ ਵਾਲੇ ਇਲਾਕਿਆਂ ’ਚ ਹੋਇਆ ਹੈ। ਹਾਲਾਂਕਿ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਘਟਨਾ ਦੀ ਨਿੰਦਾ ਵੀ ਨਹੀਂ ਕੀਤੀ ਹੈ। ਉਂਝ ਇਹ ਇਲਾਕਾ ਸ਼ੀਆ ਮੁਸਲਮਾਨਾਂ ’ਤੇ ਹਮਲਿਆਂ ਲਈ ਮਸ਼ਹੂਰ ਹੈ। ਇਕ ਮਹੀਨੇ ’ਚ ਅਜਿਹਾ ਕੋਈ ਦਿਨ ਨਹੀਂ, ਜਦੋਂ ਬਲਾਸਟ ਨਾ ਹੋਇਆ ਹੋਵੇ। ਅਫਗਾਨਿਸਤਾਨ ’ਚ ਪਿਛਲੇ ਤਕਰੀਬਨ ਇਕ ਮਹੀਨੇ ਤੋਂ 428 ਸੁਰੱਖਿਆ ਕਰਮਚਾਰੀ ਤੇ ਆਮ ਲੋਕੀਂ ਤਾਲਿਬਾਨ ਦੇ ਹਮਲੇ ’ਚ ਮਾਰੇ ਗਏ ਹਨ। ਉਥੇ ਹੀ 500 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਹਨ। 190 ਥਾਵਾਂ ’ਤੇ ਬੰਬ ਧਮਾਕੇ ਹੋਏ ਹਨ। ਜ਼ਿਆਦਾਤਰ ਹਮਲੇ ਉਰੂਜਗਨ, ਕਾਬੁਲ, ਕੰਧਾਰ, ਨਾਨਗਰਹਰ, ਬਦਖਿਆਨ ਤੇ ਤਾਖਰ ਖੇਤਰ ’ਚ ਹੋਏ ਹਨ। ਕੁੰਨਾਰ ਸੂਬਾਈ ਪ੍ਰੀਸ਼ਦ ਦੇ ਮੈਂਬਰ ਨਾਸਿਰ ਕਾਮਵਾਲ ਕਹਿੰਦੇ ਹਨ ਕਿ ਕੁੰਨਾਰ ’ਚ ਅਜਿਹਾ ਕੋਈ ਦਿਨ ਦੇਖਣ ਨੂੰ ਨਹੀਂ ਮਿਲਿਆ, ਜਦੋਂ ਬਲਾਸਟ ਨਾ ਹੋਇਆ ਹੋਵੇ।
 


Manoj

Content Editor

Related News