ਅਫਗਾਨਿਸਤਾਨ ’ਚ ਅੱਤਵਾਦ ਨੂੰ ਲੈ ਕੇ ਅਸ਼ਰਫ ਗਨੀ ਨਾਲ ਹੋਵੇਗੀ ਅਹਿਮ ਚਰਚਾ : ਅਮਰੀਕਾ

Tuesday, Jun 22, 2021 - 01:07 PM (IST)

ਅਫਗਾਨਿਸਤਾਨ ’ਚ ਅੱਤਵਾਦ ਨੂੰ ਲੈ ਕੇ ਅਸ਼ਰਫ ਗਨੀ ਨਾਲ ਹੋਵੇਗੀ ਅਹਿਮ ਚਰਚਾ : ਅਮਰੀਕਾ

ਇੰਟਰਨੈਸ਼ਨਲ ਡੈਸਕ : ਵ੍ਹਾਈਟ ਹਾਉੂਸ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਫਗਾਨਿਸਤਾਨ ਦੇ ਆਪਣੇ ਹਮਅਹੁਦਾ ਅਸ਼ਰਫ ਗਨੀ ਦੇ ਨਾਲ ਬੈਠਕ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਇਸ ਦੌਰਾਨ ਦੋਵੇਂ ਨੇਤਾ ਇਹ ਯਕੀਨੀ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨਗੇ ਕਿ ਅਫਗਾਨਿਸਤਾਨ ਅੱਤਵਾਦੀ ਸਮੁੂਹਾਂ ਲਈ ਫਿਰ ਤੋਂ ਪਨਾਹਗਾਹ ਨਾ ਬਣੇ। ਅਫਗਾਨਿਸਤਾਨ ਤੋਂ 11 ਸਤੰਬਰ ਤਕ ਅਮਰੀਕੀ ਤੇ ਨਾਟੋ ਦੇ ਬਾਕੀ ਬਚੇ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਬਾਈਡੇਨ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਅਸ਼ਰਫ ਗਨੀ ਨਾਲ ਪਹਿਲੀ ਵਾਰ ਆਹਮੋ-ਸਾਹਮਣੇ ਮੁਲਾਕਾਤ ਕਰਨਗੇ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰਪਤੀ ਵ੍ਹਾਈਟ ਹਾਊਸ ’ਚ ਸ਼ੁੱਕਰਵਾਰ ਦੀ ਬੈਠਕ ਨੂੰ ਲੈ ਕੇ ਉਨ੍ਹਾਂ ਦਾ (ਗਨੀ ਦਾ) ਸਵਾਗਤ ਕਰਨ ਲਈ ਉਤਸੁਕ ਹਨ। ਮੈਨੂੰ ਉਮੀਦ ਹੈ ਕਿ ਗੱਲਬਾਤ ’ਚ ਇਹ ਯਕੀਨੀ ਕਰਨ ’ਤੇ ਮੁੱਖ ਤੌਰ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਕਿ ਅਫਗਾਨਿਸਤਾਨ ਫਿਰ ਤੋਂ ਅੱਤਵਾਦੀ ਸਮੂਹਾਂ ਲਈ ਪਨਾਹਗਾਹ ਨਾ ਬਣੇ। ਰੱਖਿਆ ਮੰਤਰਾਲਾ ਨੇ ਕਿਹਾ ਕਿ ਰੱਖਿਆ ਮੰਤਰੀ ਲਾਇਡ ਆਸਟਿਨ ਤੇ ਫੌਜੀ ਲੀਡਰਸ਼ਿਪ ਅਫਗਾਨਿਸਤਾਨ ’ਚ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਬਾਈਡੇਨ ਨੇ ਪੈਂਟਾਗਨ ਨੂੰ ਇਸ ਸਾਲ 11 ਸਤੰਬਰ ਤਕ ਅਫਗਾਨਿਸਤਾਨ ਤੋਂ ਫੌਜੀਆਂ ਦੀ ਵਾਪਸੀ ਦਾ ਨਿਰਦੇਸ਼ ਦਿੱਤਾ ਹੈ। ਬਾਈਡੇਨ ਤੇ ਗਨੀ ਵਿਚਾਲੇ ਇਹ ਉੱਚ ਪੱਧਰੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਤਾਲਿਬਾਨ ਦੇ ਲੜਾਕਿਆਂ ਨੇ ਹਾਲ ਹੀ ਦੇ ਹਫਤੇ ’ਚ ਅਫਗਾਨਿਸਤਾਨ ਦੇ ਕਈ ਨਵੇਂ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ ਤੇ ਦੋਵਾਂ ਪੱਖਾਂ ’ਚੋਂ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।


author

Manoj

Content Editor

Related News