ਬਿਨਾ ਭੇਦਭਾਵ ਅੱਤਵਾਦੀਆਂ ਖਿਲਾਫ ਕਾਰਵਾਈ ਕਰੇ ਪਾਕਿਸਤਾਨ : ਅਮਰੀਕੀ ਅਧਿਕਾਰੀ

06/07/2018 7:09:01 PM

ਵਾਸ਼ਿੰਗਟਨ— ਅੱਤਵਾਦੀਆਂ ਨੂੰ ਆਸਰਾ ਦੇਣ ਵਾਲੇ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਵਾਰ ਫਿਰ ਫਟਕਾਰ ਲਗਾਈ ਹੈ। ਇਸ ਵਾਰ ਖੁਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪਾਮਪੀਓ ਨੇ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਬਾਜਵਾ ਨਾਲ ਫੋਨ 'ਤੇ ਗੱਲ ਬਾਤ ਕਰਕੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੀਥਰ ਨੋਰਟ ਨੇ ਦੱਸਿਆ ਕਿ ਪਾਮਪੀਓ ਨੇ ਬਾਜਵਾ ਨਾਲ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਹੈ ਕਿ ਪਾਕਿਸਤਾਨ ਬਿਨਾ ਕਿਸੇ ਭੇਦਭਾਵ ਦੇ ਅੱਤਵਾਦੀ ਸਮੂਹਾਂ ਖਿਲਾਫ ਕਾਰਵਾਈ ਕਰੇਗਾ।
ਦੱਸ ਦਈਏ ਕਿ ਅੱਤਵਾਦ ਦੇ ਮੁੱਦੇ 'ਤੇ ਹੀ ਦੋਵੇਂ ਦੇਸ਼ਾਂ ਦੇ ਦੋਸਤਾਨਾ ਰਿਸ਼ਤਿਆਂ 'ਚ ਵਿਗੜ ਗਏ ਹਨ। ਬੁਲਾਰੇ ਹੀਥਰ ਨੋਰਟ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ-ਪਾਕਿਸਤਾਨ ਦੋ ਪੱਖੀ ਰਿਸ਼ਤਿਆਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ, ਅਫਗਾਨਿਸਤਾਨ 'ਚ ਰਾਜਨੀਤਕ ਸਲਾਹ ਦੀ ਲੋੜ ਅਤੇ ਬਿਨਾ ਕਿਸੇ ਭੇਦਭਾਵ ਦੇ ਦੱਖਣੀ ਏਸ਼ੀਆ 'ਚ ਸਾਰੇ ਅੱਤਵਾਦੀਆਂ ਅਤੇ ਅੱਤਵਾਦੀ ਸਮੂਹਾਂ ਨੂੰ ਨਿਸ਼ਾਨਾ ਬਣਾਉਣ ਦੀ ਮਹੱਤਤਾ 'ਤੇ ਚਰਚਾ ਕੀਤੀ।
ਟਰੰਪ ਪ੍ਰਸ਼ਾਸਨ ਸਹਾਇਤਾ ਰਾਸ਼ੀ 'ਤੇ ਲਗਾ ਚੁਕਾ ਹੈ ਰੋਕ 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ 'ਤੇ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਆਸਰਾ ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ, ਜਿਸ ਉਪਰੰਤ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਰੋਕ ਦਿੱਤੀ ਸੀ। ਅਮਰੀਕਾ ਨੇ ਪਾਕਿਸਤਾਨ ਤੋਂ ਹੱਕਾਨੀ ਨੈੱਟਵਰਕ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਖਿਲਾਫ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਸੀ। ਹਾਲਾਂਕਿ ਪਾਕਿਸਤਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਤੇ ਕਿਹਾ ਕਿ ਉਹ ਅੱਤਵਾਦ ਖਿਲਾਫ ਜੰਗ ਜ਼ਾਰੀ ਰੱਖੇਗਾ।




 


Related News