ਕੋਰੋਨਾ ਕਾਰਨ EU ਦੇਸ਼ਾਂ ਵਿਚਾਲੇ ਖੜਕੀ, 20 ਸਾਲ ਬਾਅਦ ਬੰਦ ਹੋਏ ਬਾਰਡਰ

04/01/2020 3:37:46 PM

ਮਿਲਾਨ (ਇਟਲੀ) (ਸਾਬੀ ਚੀਨੀਆ)- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ। ਸ਼ਾਇਦ ਇਸੇ ਸੰਘਰਸ਼ ਦੇ ਚਲਦਿਆਂ ਯੂਰਪੀ ਯੂਨੀਅਨ ਦੇਸ਼ਾਂ ਦੀ ਵੀ ਆਪਸ ਵਿਚ ਬੁਰੀ ਤਰ੍ਹਾਂ ਖੜਕ ਚੁੱਕੀ ਹੈ। ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਈ.ਯੂ. ਦੇਸ਼ਾਂ ਨੇ ਯੂਨੀਅਨ ਨੂੰ ਛੱਡਣ ਦੀਆਂ ਧਮਕੀਆਂ ਦਿੱਤੀਆਂ ਹੋਣ। ਇਸ ਦਾ ਅਸਲ ਕਾਰਨ ਵੀ ਕਰੋਨਾ ਹੀ ਹੈ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਦੇਸ਼ ਇਟਲੀ ਤੇ ਹੋਰ ਮੈਂਬਰ ਦੇਸ਼ ਆਪਣੇ ਨੁਕਸਾਨ ਲਈ ਯੂਰਪ ਯੂਨੀਅਨ ਤੋਂ ਆਰਥਿਕ ਮਦਦ ਦੀ ਮੰਗ ਕਰ ਰਹੇ ਹਨ ਪਰ ਫਿਲਹਾਲ ਉਹਨਾਂ ਨੂੰ ਨਾ ਤਾਂ ਕੋਈ ਆਰਥਿਕ ਮਦਦ ਮਿਲੀ ਹੈ ਤੇ ਨਾ ਹੀ ਅਜਿਹਾ ਕਰਨ ਲਈ ਕੋਈ ਭਰੋਸਾ ਦਿੱਤਾ ਗਿਆ ਹੈ, ਜਿਸ ਕਾਰਨ ਮੈਂਬਰ ਦੇਸ਼ਾਂ ਵਿਚਕਾਰ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਸਿਹਤ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਬਾਰਡਰ ਪਹਿਲਾਂ ਤੋਂ ਹੀ ਬੰਦ ਕੀਤੇ ਜਾ ਚੁੱਕੇ ਹਨ।

ਇਹ ਵੀ ਦੱਸਣਯੋਗ ਹੈ ਇਟਲੀ ਦੇ ਲੋਕ ਇਸ ਗੱਲ ਨੂੰ ਲੈ ਕੇ ਵੀ ਨਿਰਾਸ਼ ਹਨ ਕਿ ਆਸਟਰੀਆ ਬਾਰਡਰ ਪੁਲਸ ਨੇ ਇਟਲੀ ਦੀ ਇਕ ਯਾਤਰੀ ਟਰੇਨ ਨੂੰ ਆਪਣੇ ਦੇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਸੀ। ਇਥੇ ਹੀ ਬੱਸ ਨਹੀਂ ਫਰਾਂਸ ਵਿਚ ਵੀ ਇਕ ਵਿਅਕਤੀ ਵਲੋਂ ਸਰਕਾਰੀ ਇਮਾਰਤ ਤੇ ਲੱਗਾ ਯੂਰਪੀ ਯੂਨੀਅਨ ਦਾ ਝੰਡਾ ਉਤਾਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਟਲੀ ਨੇ ਇਸ ਤੋਂ ਪਹਿਲਾਂ ਵੀ ਸਮੁੰਦਰੀ ਰਸਤੇ ਦਾਖਲ ਹੋਣ ਵਾਲੇ ਗੈਰ-ਕਾਨੂੰਨੀ ਵਿਅਕਤੀਆਂ ਨੂੰ ਰੋਕਣ ਲਈ ਯੂਨੀਅਨ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਮੈਂਬਰ ਦੇਸ਼ਾਂ ਵਿਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਇਟਲੀ ਦਾ ਕਹਿਣਾ ਹੈ ਕਿ ਉਹ ਆਪਣੇ ਹਿੱਸੇ ਦਾ ਟੈਕਸ ਯੂਨੀਅਨ ਨੂੰ ਭੁਗਤਾਨ ਕਰਦੇ ਹਨ ਪਰ ਲੋੜ ਪੈਣ 'ਤੇ ਉਹਨਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਵੇਖਣ ਵਾਲੀ ਗੱਲ ਹੋਵੇਗੀ ਕਿ ਯੂਰਪੀ ਯੂਨੀਅਨ ਕੋਰੋਨਾਵਾਇਰਸ ਕਰਕੇ ਆਰਥਿਕ ਨੁਕਸਾਨ ਝੱਲ ਰਹੇ ਦੇਸ਼ ਇਟਲੀ, ਫਰਾਂਸ ਤੇ ਸਪੇਨ ਨੂੰ ਆਰਥਿਕ ਮਦਦ ਦੇਵੇਗੀ ਜਾਂ ਨਹੀਂ।


Baljit Singh

Content Editor

Related News