ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਜਾਗੀ ਉਮੀਦ

Sunday, Oct 10, 2021 - 05:55 PM (IST)

ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਜਾਗੀ ਉਮੀਦ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਇੰਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹਜ਼ਾਰਾਂ ਅਸਥਾਈ ਗ੍ਰੈਜੂਏਟ ਮੌਜੂਦਾ 485 ਵੀਜ਼ਾ ਧਾਰਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਉਨ੍ਹਾਂ ਦੇ ਵੀਜ਼ਾ 'ਚ ਕੁਝ ਰਿਆਇਤਾਂ ਦਾ ਐਲਾਨ ਕਰੇਗੀ। ਗ੍ਰੀਨਜ਼ ਪਾਰਟੀ ਨੇ ਵੀ ਸਰਕਾਰ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਵੀਜ਼ਾ ਵਧਾਉਣ ਲਈ ਨਵੇਂ ਕਾਨੂੰਨ ਦੀ ਮੰਗ ਕੀਤੀ ਹੈ। 

ਗ੍ਰਹਿ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਇਸ ਸਮੇਂ ਲਗਭਗ 14,000 ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਹਨ। ਦੱਸਣਯੋਗ ਹੈ ਕਿ ਵੀਜ਼ਾ ਸਬਕਲਾਸ 485 ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੁੰਦਾ ਹੈ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਦੋ ਸਾਲਾਂ ਦੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਨੂੰ 18 ਮਹੀਨਿਆਂ ਤੋਂ ਚਾਰ ਸਾਲਾਂ ਦੇ ਵਿਚਕਾਰ ਅਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਉਪਲਬਧੀ : ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਨੂੰ ਮਿਲਿਆ ਬ੍ਰਿਟਿਸ਼ ਪੀ.ਐੱਮ. ਐਵਾਰਡ

ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਕਿਹਾ ਕਿ ਹੁਨਰਮੰਦ ਪ੍ਰਵਾਸ ਦੀ ਮੁੜ ਸ਼ੁਰੂਆਤ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਮੁੜ ਉਭਾਰਨ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਵਿਦੇਸ਼ਾਂ 'ਚ ਫ਼ਸੇ ਹੋਏ ਲੋਕਾਂ ਨੂੰ ਵਾਪਸੀ ਦਾ ਭਰੋਸਾ ਦਿੰਦੇ ਹੋਏ ਮੌਰੀਸਨ ਨੇ ਕਿਹਾ ਕਿ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ਼ ਰਜਿਸਟਰਡ ਕਰਵਾਇਆ ਹੈ ਅਤੇ ਜੋ ਕੋਵਿਡ-19 ਟੀਕਾ ਲਗਵਾ ਚੁੱਕੇ ਹਨ ਨੂੰ ਘਰ ਵਾਪਸੀ ਵਿੱਚ ਤਰਜੀਹ ਦਿੱਤੀ ਜਾਵੇਗੀ। ਮੌਰੀਸਨ ਨੇ ਕਿਹਾ ਕਿ ਜਦੋਂ ਸਾਰੇ ਆਸਟ੍ਰੇਲੀਅਨ ਨਾਗਰਿਕ ਵਾਪਿਸ ਆ ਜਾਣਗੇ ਤਾਂ ਸਰਕਾਰ ਹੁਨਰਮੰਦ ਪ੍ਰਵਾਸੀਆਂ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਵੇਗੀ ਜਿਸ ਤੋਂ ਬਾਅਦ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਹੋਵੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News