ਆਸਟ੍ਰੇਲੀਆ 'ਚ 50 ਡਿਗਰੀ ਤਕ ਪੁੱਜਾ ਤਾਪਮਾਨ, ਗਰਮੀ ਨੇ ਤੋੜੇ ਰਿਕਾਰਡ

12/21/2019 1:37:27 PM

ਐਡੀਲੇਡ— ਆਸਟ੍ਰੇਲੀਆ ਦਾ ਮੌਸਮ ਭਾਰਤ ਤੋਂ ਬਿਲਕੁਲ ਉਲਟ ਹੁੰਦਾ ਹੈ ਜਿੱਥੇ ਭਾਰਤ 'ਚ ਹੱਡ ਚੀਰਵੀਂ ਠੰਡ ਪੈ ਰਹੀ ਹੈ, ਉੱਥੇ ਹੀ ਆਸਟ੍ਰੇਲੀਆ 'ਚ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹਨ। ਆਸਟ੍ਰੇਲੀਆ ਦੀ ਗਰਮੀ ਨੇ ਇਸ ਵਾਰ ਰਿਕਾਰਡ ਤੋੜ ਦਿੱਤਾ ਹੈ । ਬੀਤੇ ਦਿਨ ਦੱਖਣੀ ਆਸਟ੍ਰੇਲੀਆ 'ਚ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਭਾਵ ਇਹ 49.9 ਡਿਗਰੀ ਸੈਲਸੀਅਸ ਮਾਪਿਆ ਗਿਆ। ਇਹ ਹੀ ਨਹੀਂ ਜੰਗਲੀ ਅੱਗ ਕਾਰਨ ਲੋਕਾਂ ਲਈ ਇਹ ਸਹਿਣ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਤਾਪਮਾਨ 41.9 ਡਿਗਰੀ ਮਾਪਿਆ ਗਿਆ ਸੀ, ਜਿਸ ਨੂੰ ਰਿਕਾਰਡ ਮੰਨਿਆ ਜਾ ਰਿਹਾ ਸੀ ਪਰ ਸ਼ੁੱਕਰਵਾਰ ਨੂੰ ਇਹ ਰਿਕਾਰਡ ਵੀ ਟੁੱਟ ਗਿਆ। ਐਡੀਲੇਡ 'ਚ ਬੀਤੀ ਰਾਤ ਇਸ ਮੌਸਮ ਦੀ ਸਭ ਤੋਂ ਗਰਮ ਰਾਤ ਰਿਕਾਰਡ ਕੀਤੀ ਗਈ। ਇਸ ਤੋਂ ਪਹਿਲਾਂ ਸਾਲ 1939 'ਚ ਜਨਵਰੀ ਮਹੀਨੇ ਗਰਮ ਰਾਤ ਹੋਣ ਦਾ ਰਿਕਾਰਡ ਬਣਿਆ ਸੀ।
 

PunjabKesari

ਮੌਸਮ ਵਿਭਾਗ ਮੁਤਾਬਕ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਲੱਗਦਾ ਹੈ ਕਿ ਅਜੇ ਵੀ ਗਰਮੀ ਦੀ ਤਪਸ਼ ਲੋਕਾਂ ਨੂੰ ਸਾੜੇਗੀ। ਆਸਟ੍ਰੇਲੀਆ ਦੇ ਕਈ ਸੂਬਿਆਂ 'ਚ ਪਾਣੀ ਦੀ ਕਿੱਲਤ ਵੀ ਆ ਗਈ ਹੈ। ਦੂਜੇ ਪਾਸੇ ਜੰਗਲੀ ਅੱਗ ਕਾਰਨ ਪਾਣੀ ਹੋਰ ਗੰਦਾ ਹੋ ਰਿਹਾ ਹੈ। ਇਸ ਕਾਰਨ ਲੋਕਾਂ ਲਈ ਜੀਵਨ ਬਤੀਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਪਾਣੀ ਦੀ ਕਮੀ ਕਾਰਨ ਫਸਲਾਂ ਦੀ ਪੈਦਾਵਾਰ ਬਹੁਤ ਘੱਟ ਹੋਈ ਤੇ ਨਤੀਜੇ ਵਜੋਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਪਾਣੀ ਦੀ ਕਮੀ ਕਾਰਨ ਹਾਲਤ ਇੱਥੋਂ ਤਕ ਪੁੱਜ ਗਈ ਹੈ ਕਿ ਦੋ ਕੁ ਦਿਨ ਪਹਿਲਾਂ ਪਾਣੀ ਚੋਰੀ ਹੋਣ ਦੀ ਖਬਰ ਮਿਲੀ ਸੀ। ਬਹੁਤ ਸਾਰੇ ਖੇਤਰਾਂ 'ਚ ਪਾਣੀ ਦੀ ਦੁਰਵਰਤੋਂ ਕਰਨ 'ਤੇ ਲੋਕਾਂ ਨੂੰ ਭਾਰੀ ਜੁਰਮਾਨੇ ਵੀ ਲੱਗ ਚੁੱਕੇ ਹਨ। ਆਸਟ੍ਰੇਲੀਆ ਵਾਸੀਆਂ ਨੂੰ ਰਿਕਾਰਡ ਤੋੜ ਗਰਮੀ ਅਤੇ ਜੰਗਲੀ ਅੱਗ ਤੋਂ ਬਚਣ ਲਈ ਹੁਣ ਭਾਰੀ ਮੀਂਹ ਦੀ ਲੋੜ ਹੈ ਤਾਂ ਕਿ ਜੀਵਨ ਮੁੜ ਪੱਟੜੀ 'ਤੇ ਆ ਸਕੇ।

PunjabKesari


ਨਿਊ ਸਾਊਥ ਵੇਲਜ਼ 'ਚ 118 ਥਾਵਾਂ 'ਤੇ ਲੱਗੀ ਜੰਗਲੀ ਅੱਗ—
ਨਿਊ ਸਾਊਥ ਵੇਲਜ਼ 'ਚ 118 ਥਾਵਾਂ 'ਤੇ ਲੱਗੀ ਜੰਗਲੀ ਅੱਗ ਨੇ ਸੂਬੇ ਨੂੰ ਬੁਰੀ ਤਰ੍ਹਾਂ ਘੇਰ ਲਿਆ ਹੈ। ਇਸ ਤੋਂ ਇਲਾਵਾ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ 'ਚ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਇੱਥੇ ਲੈਵਲ 6 ਦੀ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਐਡੀਲੇਡ ਹਿੱਲਜ਼ 'ਚ ਬੀਤੇ ਦਿਨ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਹੋਰ ਵਲੰਟੀਅਰ ਫਾਇਰ ਫਾਈਟਰਜ਼ ਦੀ ਵੀ ਮੌਤ ਹੋ ਗਈ।


Related News