ਤਹਿਰਾਨ ਗੈਸ ਲੀਕ ਧਮਾਕੇ ਕਾਰਨ ਹੁਣ ਤੱਕ 19 ਲੋਕਾਂ ਦੀ ਮੌਤ
Wednesday, Jul 01, 2020 - 10:00 AM (IST)
ਤਹਿਰਾਨ- ਈਰਾਨ ਦੇ ਉੱਤਰੀ ਤਹਿਰਾਨ ਦੇ ਇਕ ਮੈਡੀਕਲ ਕਲੀਨਿਕ ਵਿਚ ਗੈਸ ਲੀਕ ਹੋਣ ਕਾਰਨ ਹੋਏ ਧਮਾਕੇ ਵਿਚ 19 ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਪਹਿਲਾਂ 13 ਲੋਕਾਂ ਦੀ ਮੌਤ ਦੀ ਖਬਰ ਦਿੱਤੀ ਸੀ। ਤਹਿਰਾਨ ਦੇ ਫਾਇਰ ਵਿਭਾਗ ਦੇ ਬੁਲਾਰੇ ਜਲਾਲ ਮਲੇਕੀ ਨੇ ਬਾਅਦ ਵਿਚ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ।
ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਮਰਨ ਵਾਲਿਆਂ ਵਿਚ 15 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਵਿਭਾਗ ਨੇ 20 ਲੋਕਾਂ ਨੂੰ ਉਥੋਂ ਕੱਢ ਲਿਆ ਹੈ। ਤਹਿਰਾਨ ਦੇ ਡਿਪਟੀ ਗਵਰਨਰ ਹਾਮਿਦਰੇਜ਼ਾ ਗੌਦਰਜੀ ਨੇ ਦੱਸਿਆ ਕਿ ਇਮਾਰਤ ਵਿਚ ਮੈਡੀਕਲ ਗੈਸ ਟੈਂਕ ਤੋਂ ਗੈਸ ਲੀਕ ਹੋਣ ਕਾਰਨ ਇਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।