ਟੋਰਾਂਟੋ ਸਕੂਲ ਬੋਰਡ ਨੇ ਸਿੱਖਿਆ ਤੇ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

Thursday, Dec 10, 2020 - 05:12 PM (IST)

ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਟੋਰਾਂਟੋ 'ਤੇ ਪਿਆ ਹੈ। ਟੋਰਾਂਟੋ ਦੇ ਸਭ ਤੋਂ ਵੱਡੇ ਸਕੂਲ ਬੋਰਡ ਦੇ ਸਟਾਫ਼ ਨੇ ਸੂਬੇ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਨੂੰ ਜਨਵਰੀ ਦੇ ਪਹਿਲੇ ਦੋ ਹਫ਼ਤਿਆਂ ਲਈ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ-ਪਰਸਨ ਲਰਨਿੰਗ ਵੀ ਬੰਦ ਕੀਤੀ ਜਾਵੇ ਤਾਂਕਿ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਕੋਰੋਨਾ ਟੈਸਟਿੰਗ ਹੋ ਸਕੇ।

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਬੁੱਧਵਾਰ ਨੂੰ ਓਂਟਾਰੀਓ ਦੇ ਸਿਹਤ ਅਤੇ ਸਿੱਖਿਆ ਮੰਤਰੀਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਮੰਗ ਕੀਤੀ ਕਿ ਪੜ੍ਹਾਈ ਕੁਝ ਦਿਨਾਂ ਲਈ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਇਹ ਬੇਨਤੀਆਂ ਮਨਜ਼ੂਰ ਕਰ ਲਈਆਂ ਜਾਣਗੀਆਂ। ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨਾਲ-ਨਾਲ ਆਪਣੇ ਗੁਆਂਢ ਵਿਚ ਰਹਿੰਦੇ ਬੱਚਿਆਂ ਦੀ ਵੀ ਚਿੰਤਾ ਹੈ ਤੇ ਉਹ ਚਾਹੁੰਦੇ ਹਨ ਕਿ ਸਭ ਦੀ ਸੁਰੱਖਿਆ ਬਣੀ ਰਹੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੂਬੇ ਨੇ ਇਕ ਪਾਇਲਟ ਪ੍ਰਾਜੈਕਟ ਰਾਹੀਂ ਟੋਰਾਂਟੋ ਦੇ ਕੁਝ ਸਕੂਲਾਂ ਵਿਚ ਕੋਰੋਨਾ ਟੈਸਟ ਕੀਤੇ ਸਨ। ਇਸ ਦੌਰਾਨ ਕੋਰੋਨਾ ਦੇ ਕਈ ਮਾਮਲੇ ਵੀ ਸਾਹਮਣੇ ਆਏ ਸਨ ਤੇ ਦੋ ਸਕੂਲਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਇਸੇ ਪ੍ਰਾਜੈਕਟ ਨੂੰ ਵਧਾ ਦਿੱਤਾ ਜਾਵੇ। ਅਧਿਆਪਕਾਂ ਨੇ ਕਿਹਾ ਕਿ ਸਟਾਫ, ਅਧਿਆਪਕ, ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੀ ਵੱਡੇ ਪੱਧਰ 'ਤੇ ਟੈਸਟ ਹੋਣੇ ਚਾਹੀਦੇ ਹਨ। 


Lalita Mam

Content Editor

Related News