ਆਸਟ੍ਰੇਲੀਆਈ ਸੂਬੇ ਤਸਮਾਨੀਆ ''ਚ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ

03/26/2021 6:00:50 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਤਸਮਾਨੀਆ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਸਮਾਨੀਆ ਦੀ ਸਰਕਾਰ ਦੇ ਅਲਪ-ਸੰਖਿਆ ਵਿਚ ਪਹੁੰਚ ਜਾਣ ਕਾਰਨ ਪ੍ਰੀਮੀਅਰ ਪੀਟਰ ਗੁਟਵੇਨ ਨੇ ਆਪਣੇ ਇੱਕ ਅਹਿਮ ਐਲਾਨਨਾਮੇ ਵਿਚ ਰਾਜ ਵਿਚ ਹੋਣ ਵਾਲੀਆਂ ਚੋਣਾਂ ਤੈਅ ਸਮੇਂ ਤੋਂ ਪਹਿਲਾਂ ਹੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਇਸੇ ਸਾਲ ਦੀ 1 ਮਈ ਦੀ ਤਾਰੀਖ਼ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਚੋਣਾਂ ਦਾ ਤੈਅ ਸਮਾਂ 2022 ਵਿਚ ਬਣਦਾ ਸੀ ਪਰ ਅਲਪ-ਮਤ ਹੋਣ ਕਾਰਨ ਉਨ੍ਹਾਂ ਨੂੰ ਚੋਣਾਂ ਇਸੇ ਸਾਲ ਕਰਵਾਉਣ ਦਾ ਐਲਾਨ ਕਰਨਾ ਪਿਆ ਹੈ।

ਦਰਅਸਲ ਇਸੇ ਹਫ਼ਤੇ ਜਦੋਂ ਸਪੀਕਰ ਸੂ ਜਿਕੀ ਨੇ ਅਸਤੀਫ਼ਾ ਦੇ ਕੇ ਪਾਰਟੀ ਛੱਡੀ ਸੀ ਤਾਂ ਸਰਕਾਰ ਸਿੱਧੇ ਤੌਰ 'ਤੇ ਅਲਪ-ਮਤ ਵਿਚ ਚਲੀ ਗਈ ਸੀ। ਸੂ ਜਿਕੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਹੁਣ ਅੱਗੇ ਤੋਂ ਉਹ ਲਿਬਰਲ ਪਾਰਟੀ ਦੀ ਕੋਈ ਵੀ ਚੋਣ ਨਹੀਂ ਲੜਨਗੇ ਅਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਪੂਰਨ ਤੌਰ 'ਤੇ ਇਸ ਸਮੇਂ ਜੋ ਸਥਿਤੀਆਂ ਬਣੀਆਂ ਹੋਈਆਂ ਹਨ, ਉਹ ਕਿਤੇ ਨਾ ਕਿਤੇ ਜਾ ਕੇ ਔਰਤਾਂ ਦੇ ਮਾਣ-ਸਨਮਾਨ ਨਾਲ ਜੁੜਦੀਆਂ ਹਨ ਅਤੇ ਇਹ ਮਾਮਲਾ ਵੀ ਕੁਝ ਇੱਦਾਂ ਦਾ ਹੀ ਹੈ। 

ਪੜ੍ਹੋ ਇਹ ਅਹਿਮ ਖਬਰ-  ਛੋਟੇ ਬੱਚਿਆਂ ਲਈ ਵੀ ਜਲਦ ਆਵੇਗੀ ਕੋਰੋਨਾ ਵੈਕਸੀਨ, Pfizer, BioNTech ਨੇ ਸ਼ੁਰੂ ਕੀਤਾ ਟ੍ਰਾਇਲ 

ਹਿਕੀ ਨੇ ਵੀ ਲਿਬਰਲ ਐਮ.ਪੀ. ਐਰਿਕ ਐਬਟ 'ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਬ੍ਰਿਟਨੀ ਹਿਗਿਨਜ਼ ਬਾਰੇ ਅਪਮਾਨ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਪਰ ਐਬਟ ਨੇ ਇਸ ਇਲਜ਼ਾਮ ਤੋਂ ਸਾਫ ਇਨਕਾਰ ਕਰ ਦਿੱਤਾ। ਇਸੇ ਗੱਲ 'ਤੇ ਬੇਇਜ਼ਤੀ ਮਹਿਸੂਸ ਕਰਦਿਆਂ ਹਿਕੀ ਨੇ ਖੁਦ ਨੂੰ ਉਕਤ ਪਾਰਟੀ ਤੋਂ ਵੱਖ ਕਰ ਲਿਆ ਅਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਵਿਚ ਆ ਗਏ। ਜ਼ਿਕਰਯੋਗ ਹੈ ਕਿ ਰਾਜ ਸਰਕਾਰ 2018 ਵਿਚ ਬਣਾਈ ਗਈ ਸੀ ਜਦੋਂ ਇਹ 13 ਸੀਟਾਂ ਜਿੱਤ ਕੇ ਸਦਨ ਵਿਚ ਆਈ ਸੀ ਅਤੇ 22 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਸਰਕਾਰ ਨੇ ਆਪਣੀ ਪਾਰੀ ਨੂੰ ਦੁਹਰਾਇਆ ਸੀ। ਮੌਜੂਦਾ ਸਮੇਂ ਤਸਮਾਨੀਆ ਰਾਜ ਦੇ ਹੇਠਲੇ ਸਦਨ ਦੀਆਂ ਕੁੱਲ 25 ਸੀਟਾਂ ਵਿਚੋਂ ਲਿਬਰਲ ਪਾਰਟੀ ਦੇ 12 ਐਮ.ਪੀ. ਹਨ ਅਤੇ ਲੇਬਰ ਪਾਰਟੀ ਦੇ 9, ਗ੍ਰੀਨਜ਼ ਦੇ 2 ਅਤੇ ਆਜ਼ਾਦ ਉਮੀਦਵਾਰ ਵੀ 2 ਦੀ ਗਿਣਤੀ ਵਿਚ ਹਨ। ਇਸ ਦੇ ਨਾਲ ਹੀ ਹੁਣ ਰਾਜ ਸਰਕਾਰ ਨੂੰ ਇਸ ਗੱਲ ਦਾ ਫ਼ੈਸਲਾ ਲੈਣਾ ਪਿਆ ਹੈ ਕਿ ਚੋਣਾਂ ਕਰਵਾ ਲਈਆਂ ਜਾਣ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News