ਕੁਝ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪ ਕਾਰਨ ਹੋਈ ਨਿਰਾਸ਼ਾ : ਤਨਮਨਜੀਤ ਢੇਸੀ
Wednesday, Jan 27, 2021 - 10:30 AM (IST)
ਲੰਡਨ- ਦਿੱਲੀ ਵਿਚ ਗਣਤੰਤਰ ਦਿਹਾੜੇ 'ਤੇ ਕੁਝ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪ ਨੂੰ ਲੈ ਕੇ ਯੂ. ਕੇ. ਦੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਇਸ 'ਤੇ ਨਿਰਾਸ਼ਾ ਪ੍ਰਗਟਾਈ ਹੈ। ਢੇਸੀ ਨੇ ਟਵੀਟ ਕਰਕੇ ਕਿਹਾ ਕਿ ਪੁਲਸ ਤੇ ਕੁਝ ਕਿਸਾਨਾਂ ਵਿਚਕਾਰ ਹੋਈ ਝੜਪ ਨੂੰ ਦੇਖ ਕੇ ਉਹ ਉਦਾਸ ਹਨ। ਢੇਸੀ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਸ਼ਾਂਤੀਪੂਰਵਕ ਚੱਲ ਰਿਹਾ ਇਹ ਅੰਦੋਲਨ ਹੋਰਾਂ ਨੂੰ ਵੀ ਉਤਸ਼ਾਹਤ ਕਰਨ ਵਾਲਾ ਹੈ।
ਦੱਸ ਦਈਏ ਕਿ ਟਰੈਕਟਰ ਪਰੇਡ ਦੌਰਾਨ ਕੁਝ ਕਿਸਾਨਾਂ ਵਲੋਂ ਬੈਰੀਕੇਡ ਤੋੜੇ ਗਏ ਅਤੇ ਇਸ ਦੌਰਾਨ ਕੁਝ ਲੋਕਾਂ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ। ਇਸ ਦੌਰਾਨ ਪੁਲਸ ਤੇ ਕਿਸਾਨਾਂ ਵਿਚਕਾਰ ਝੜਪ ਵੀ ਹੋਈ ਅਤੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਗਈਆਂ।
ਇਹ ਵੀ ਪੜ੍ਹੋ- ਇੰਟਰਨੈੱਟ 'ਤੇ ਪਾਬੰਦੀ ਨਾਲ ਦਿੱਲੀ-NCR 'ਚ 5 ਕਰੋੜ ਲੋਕ ਪ੍ਰਭਾਵਿਤ
ਗ੍ਰਹਿ ਮੰਤਰਾਲੇ ਨੇ ਦਿੱਲੀ-NCR ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਲਾਲ ਕਿਲ੍ਹੇ ਦੇ ਮੈਟਰੋ ਸਟੇਸ਼ਨ ਦੇ ਅੰਦਰ ਜਾਣ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ, ਹਾਲਾਂਕਿ ਸਟੇਸ਼ਨ ਤੋਂ ਬਾਹਰ ਲੋਕ ਆ ਸਕਦੇ ਹਨ। ਪੁਲਸ ਤੇ ਕਿਸਾਨਾਂ ਦੀ ਝੜਪ ਦੌਰਾਨ 86 ਤੋਂ ਵੱਧ ਪੁਲਸ ਕਰਮਚਾਰੀ ਜ਼ਖ਼ਮੀ ਹੋਏ ਹਨ ਅਤੇ ਪੁਲਸ ਨੇ ਹਿੰਸਾ ਕਰਨ ਵਾਲੇ 22 ਲੋਕਾਂ 'ਤੇ ਐੱਫ. ਆਈ. ਆਰ. ਦਰਜ ਕੀਤੀ ਹੈ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ