ਤਾਲਿਬਾਨ ਨੇ ਪਾਕਿਸਤਾਨ ਦੇ ਝੂਠ ਤੋਂ ਚੁੱਕਿਆ ਪਰਦਾ, ਕਿਹਾ-ਪਾਕਿ ਨੇ ਹੀ ਲੁਕਾ ਰੱਖਿਆ ਮਸੂਦ ਅਜ਼ਹਰ

Friday, Sep 16, 2022 - 03:10 PM (IST)

ਤਾਲਿਬਾਨ ਨੇ ਪਾਕਿਸਤਾਨ ਦੇ ਝੂਠ ਤੋਂ ਚੁੱਕਿਆ ਪਰਦਾ, ਕਿਹਾ-ਪਾਕਿ ਨੇ ਹੀ ਲੁਕਾ ਰੱਖਿਆ ਮਸੂਦ ਅਜ਼ਹਰ

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਦੇ ਸ਼ਾਸਕ ਤਾਲਿਬਾਨ ਨੇ ਪਾਕਿਸਤਾਨ ਦੇ ਵੱਡੇ ਝੂਠ ਤੋਂ ਪਰਦਾ ਚੁੱਕਦੇ ਹੋਏ ਉਸ ਨੂੰ ਦੁਨੀਆ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਅਫਗਾਨਿਸਤਾਨ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਅਫਗਾਨਿਸਤਾਨ 'ਚ ਨਹੀਂ ਸਗੋਂ ਉਹ ਪਾਕਿਸਤਾਨ 'ਚ ਹੀ ਲੁੱਕਿਆ ਹੋਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੋਸ਼ ਲਗਾਇਆ ਸੀ ਕਿ ਮਸੂਦ ਅਜ਼ਹਰ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਕਨਹਰ ਇਲਾਕਿਆਂ 'ਚ ਲੁੱਕਿਆ ਹੋਇਆ ਹੈ। ਇਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਤਾਲਿਬਾਨ ਨੇ ਕਿਹਾ ਕਿ ਮਸੂਦ ਅਜ਼ਹਰ ਨੂੰ ਪਾਕਿਸਤਾਨ ਨੇ ਹੀ ਪਨਾਹ ਦਿੱਤੀ ਹੈ ਅਤੇ ਉਸ ਨੂੰ ਲੁੱਕਾ ਰੱਖਿਆ ਹੈ। 
ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਨੇ ਹਾਲ ਹੀ 'ਚ ਮਸੂਦ ਅਜ਼ਹਰ ਦੀ ਗ੍ਰਿਫਤਾਰੀ ਲਈ ਅਫਗਾਨਿਸਤਾਨ ਨੂੰ ਇਕ ਪੱਤਰ ਵੀ ਲਿਖਿਆ ਸੀ ਪਰ ਹੁਣ ਤਾਲਿਬਾਨ ਦੇ ਰੁਖ਼ ਤੋਂ ਸਾਫ਼ ਹੈ ਕਿ ਪਾਕਿਸਤਾਨ ਵਲੋਂ ਝੂਠ ਬੋਲਿਆ ਜਾ ਰਿਹਾ ਹੈ। ਤਾਲਿਬਾਨੀ ਬੁਲਾਰੇ ਜਬੀਉੱਲਾਹ ਮੁਜ਼ਾਹਿਦ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਪ੍ਰਮੁੱਖ ਮੌਲਾਨਾ ਮਸੂਦ ਅਜ਼ਹਰ ਅਫਗਾਨਿਸਤਾਨ 'ਚ ਨਹੀਂ ਹੈ। ਮੁਜ਼ਾਹਿਦ ਨੇ ਕਿਹਾ ਕਿ ਮਸੂਦ ਅਸਲ 'ਚ ਪਾਕਿਸਤਾਨ 'ਚ ਹੀ ਹੈ। ਇਹ ਇਕ ਅਜਿਹਾ ਸੰਗਠਨ ਹੈ ਜੋ ਪਾਕਿਸਤਾਨ 'ਚ ਹੀ ਹੋ ਸਕਦਾ ਹੈ। ਉਂਝ ਵੀ ਇਸ ਦੇ ਲਈ ਸਾਨੂੰ ਕੋਈ ਪੱਤਰ ਨਹੀਂ ਮਿਲਿਆ ਹੈ। 
ਦਰਅਸਲ ਕੌਮਾਂਤਰੀ ਨਿਗਰਾਨੀ ਸੰਸਥਾ ਫਾਈਨੈਂਸੀਅਲ ਐਕਸ਼ਨ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਦੀ ਲਿਸਟ 'ਚ ਸ਼ਾਮਲ ਕੁਝ ਅੱਤਵਾਦੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਅਫਗਾਨਿਸਤਾਨ 'ਚ ਹੋਣ ਦੀ ਗੱਲ ਆਖੀ ਹੈ। ਦੱਸ ਦੇਈਏ ਕਿ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਪ੍ਰਮੁੱਖ ਹੈ। ਇਸ ਅੱਤਵਾਦੀ ਸੰਗਠਨ ਨੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਮਸੂਦ ਅਜ਼ਹਰ 'ਤੇ ਹੀ ਪਠਾਨਕੋਟ 'ਚ ਅੱਤਵਾਦੀ ਹਮਲੇ ਕਰਵਾਉਣ ਦਾ ਦੋਸ਼ ਲੱਗਾ ਸੀ।


author

Aarti dhillon

Content Editor

Related News