ਅਫਗਾਨਿਸਤਾਨ ''ਚ ਅਸ਼ਰਫ ਗਨੀ ਤੋਂ ਬਿਹਤਰ ਹੈ ਤਾਲਿਬਾਨ ਦਾ ਰਾਜ : ਰੂਸ

Tuesday, Aug 17, 2021 - 03:03 PM (IST)

ਮਾਸਕੋ (ਏ.ਐੱਨ.ਆਈ.): ਤਾਲਿਬਾਨ ਦਾ ਕਾਬੁਲ 'ਤੇ ਕਬਜ਼ਾ ਹੁੰਦੇ ਹੀ ਦੁਨੀਆ ਭਰ ਦੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਲੱਗਭਗ ਸਾਰੇ ਪ੍ਰਤੀਨਿਧੀਆਂ ਨੇ ਅਫਗਾਨਿਸਤਾਨ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਪਾਕਿਸਤਾਨ ਦੇ ਬਾਅਦ ਰੂਸ ਅਜਿਹਾ ਦੇਸ਼ ਹੈ ਜਿਸ ਨੇ ਤਾਲਿਬਾਨ ਦੇ ਕਬਜ਼ੇ ਦੀ ਹਮਾਇਤ ਕੀਤੀ ਹੈ। ਰੂਸ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਲਾਤ ਅਸ਼ਰਫ ਗਨੀ ਦੇ ਸ਼ਾਸਨ ਤੋਂ ਬਿਹਤਰ ਤਾਲਿਬਾਨ ਦੇ ਰਾਜ ਵਿਚ ਹਨ। 

ਰੂਸ ਦੇ ਅਫਗਾਨਿਸਤਾਨ ਵਿਚ ਰਾਜਦੂਤ ਦਿਮਿਤਰੀ ਝਿਰਨੋਵ ਨੇ ਕਿਹਾ ਕਿ ਤਾਲਿਬਾਨ ਦੇ ਕਾਬੁਲ 'ਤੇ ਕਬਜ਼ੇ ਦੇ ਇਕ ਦਿਨ ਬਾਅਦ ਹਾਲਾਤ ਨੂੰ ਦੇਖ ਕੇ ਮੈਂ ਸਮਝਦਾ ਹਾਂ ਕਿ ਇੱਥੇ ਹਾਲਾਤ ਬਿਹਤਰ ਹੋਏ ਹਨ। ਗਨੀ ਦੇ ਸ਼ਾਸਨ ਨਾਲ ਤੁਲਨਾ ਕੀਤੀ ਜਾਵੇ ਤਾਂ ਬਹੁਤ ਸੁਧਾਰ ਹੋ ਰਿਹਾ ਹੈ। ਰੂਸੀ ਰਾਜਦੂਤ ਨੇ ਇਹ ਗੱਲ ਰੂਸ ਦੇ ਇਕ ਰੇਡੀਓ ਨੂੰ ਦਿੱਤੇ ਇੰਟਰਵਿਊ ਵਿਚ ਕਹੀ।

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ ਦੇ ਖ਼ੌਫ਼ 'ਚ ਛਲਕਿਆ ਬੱਚੀ ਦਾ ਦਰਦ, ਕਿਹਾ-'ਅਸੀਂ ਹੌਲੀ-ਹੌਲੀ ਮਰ ਜਾਵਾਂਗੇ' (ਵੀਡੀਓ)

ਗੌਰਤਲਬ ਹੈ ਕਿ ਐਤਵਾਰ ਨੂੰ ਹੀ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ। ਰਾਸ਼ਟਰਪਤੀ ਪੈਲੇਸ ਵਿਚ ਦਾਖਲ ਹੋਣ ਮਗਰੋਂ ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ਨੂੰ ਕੰਟਰੋਲ ਵਿਚ ਕਰਨ ਦਾ ਐਲਾਨ ਕੀਤਾ ਸੀ। ਰੂਸ ਦੇ ਦੂਤਾਵਾਸ ਨੇ ਹੀ ਇਹ ਜਾਣਕਾਰੀ ਦਿੱਤੀ ਸੀ ਕਿ ਇਕ ਹੈਲੀਕਾਪਟਰ ਅਤੇ ਚਾਰ ਗੱਡੀਆਂ ਵਿਚ ਕੈਸ਼ ਭਰ ਕੇ ਅਸ਼ਰਫ ਗਨੀ ਅਫਗਾਨਿਸਤਾਨ ਤੋਂ ਭੱਜੇ ਹਨ। ਰੂਸ ਦੇ ਦੂਤਾਵਾਸ ਨੇ ਸਭ ਤੋ ਪਹਿਲਾਂ ਤਾਲਿਬਾਨ ਨਾਲ ਸੰਪਰਕ ਕੀਤਾ। ਇਹੀ ਨਹੀਂ ਤਾਲਿਬਾਨ ਦੇ ਕੋਆਰਡੀਨੇਟਰਾਂ ਤੋਂ ਰੂਸੀ ਰਾਜਦੂਤ ਦੀ ਸਭ ਤੋਂ ਪਹਿਲਾਂ ਮੁਲਾਕਾਤ ਹੋਈ ਹੈ।


Vandana

Content Editor

Related News