‘ਤਾਲਿਬਾਨ ਨੇ 100 ਤੋਂ ਵੱਧ ਸਾਬਕਾ ਪੁਲਸ ਅਧਿਕਾਰੀਆਂ ਨੂੰ ਮਾਰਿਆ ਜਾਂ ਗਾਇਬ ਕੀਤਾ’
Tuesday, Nov 30, 2021 - 04:44 PM (IST)
ਕਾਬੁਲ— ਤਾਲਿਬਾਨ ਲੜਾਕਿਆਂ ਨੇ ਅਫ਼ਗਾਨਿਸਤਾਨ ’ਚ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ 100 ਤੋਂ ਵੱਧ ਸਾਬਕਾ ਪੁਲਸ ਅਤੇ ਖ਼ੁਫੀਆ ਅਧਿਕਾਰੀਆਂ ਨੂੰ ਜਾਂ ਤਾਂ ਮਾਰ ਦਿੱਤਾ ਹੈ ਜਾਂ ਜ਼ਬਰਨ ‘ਗਾਇਬ’ ਕਰ ਦਿੱਤਾ ਹੈ। ਹਿਊਮੈਨ ਰਾਈਟਰਜ਼ ਵਾਚ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਇਹ ਗੱਲ ਆਖੀ। ਸਮੂਹ ਨੇ ਆਮ ਮੁਆਫ਼ੀ ਐਲਾਨ ਕੀਤੇ ਜਾਣ ਦੇ ਬਾਵਜੂਦ ਸਰਕਾਰ ਦੇ ਹਥਿਆਰਬੰਦ ਫ਼ੋਰਸਾਂ ਖ਼ਿਲਾਫ਼ ਜਵਾਬੀ ਕਾਰਵਾਈ ਜਾਰੀ ਰੱਖਣ ਵੱਲ ਇਸ਼ਾਰਾ ਕੀਤਾ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਸਰਕਾਰੀ ਰੁਜ਼ਗਾਰ ਰਿਕਾਰਡ ਦੀ ਵਰਤੋਂ ਕਰਦੇ ਹੋਏ ਸਾਬਕਾ ਅਧਿਕਾਰੀਆਂ ਅਤੇ ਆਤਮਸਮਰਪਣ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹਿਊਮੈਨ ਰਾਈਟਰਜ਼ ਵਾਚ ਨੇ ਰਿਪੋਰਟ ਵਿਚ ਕਿਹਾ ਕਿ ਅਫ਼ਗਾਨਿਸਤਾਨ ਵਿਚ ਆਤੰਕ ਪੈਦਾ ਹੋ ਗਿਆ ਹੈ, ਕਿਉਂਕਿ ਸਾਬਕਾ ਸਰਕਾਰ ਨਾਲ ਜੁੜਿਆ ਕੋਈ ਵੀ ਵਿਅਕਤੀ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ। ਤਾਲਿਬਾਨ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਇਆ ਸੀ, ਜਦੋਂ ਇਸ ਦੇ ਲੜਾਕੇ ਕਾਬੁਲ ’ਚ ਦਾਖ਼ਲ ਹੋ ਗਏ ਸਨ।
ਰਿਪੋਰਟ ਵਿਚ ਕਿਹਾ ਗਿਆ ਕਿ ਤਾਲਿਬਾਨ ਨੇ ਪੂਰਬੀ ਨਾਂਗਰਹਾਰ ਸੂਬੇ ਵਿਚ ਇਸਲਾਮਿਕ ਸਟੇਟ ਸਮੂਹ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜੋ ਆਈ. ਐੱਸ. ਦੇ ਹਮਲਿਆਂ ਦਾ ਕੇਂਦਰ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸੂਬੇ ਦੀ ਰਾਜਧਾਨੀ ਜਲਾਲਾਬਾਦ ’ਚ ਮੰਗਲਵਾਰ ਨੂੰ ਉਸ ਸਮੇਂ 8 ਘੰਟੇ ਤੱਕ ਭਿਆਨਕ ਗੋਲੀਬਾਰੀ ਹੋਈ, ਜਦੋਂ ਤਾਲਿਬਾਨ ਨੇ ਆਈ. ਐੱਸ. ਅੱਤਵਾਦੀਆਂ ਦੇ ਇਕ ਸ਼ੱਕੀ ਟਿਕਾਣੇ ’ਤੇ ਧਾਵਾ ਬੋਲ ਦਿੱਤਾ। ਹਿਊਮੈਨ ਰਾਈਟਰਜ਼ ਵਾਚ ਨੇ ਗਵਾਹਾਂ, ਰਿਸ਼ਤੇਦਾਰਾਂ, ਸਾਬਕਾ ਅਧਿਕਾਰੀਆਂ, ਤਾਲਿਬਾਨ ਅਧਿਕਾਰੀਆਂ ਅਤੇ ਹੋਰ ਲੋਕਾਂ ਦੇ ਇੰਟਰਵਿਊ ਦੇ ਜ਼ਰੀਏ ਕਿਹਾ ਕਿ ਉਸ ਨੇ 15 ਅਗਸਤ ਅਤੇ 31 ਅਕਤੂਬਰ ਦਰਮਿਆਨ 4 ਸੂਬਿਆਂ ਵਿਚ 47 ਸਾਬਕਾ ਹਥਿਆਰਬੰਦ ਫੋਰਸਾਂ ਦੇ ਮੈਂਬਰਾਂ ਦਾ ਕਤਲ ਜਾਂ ਗਾਇਬ ਹੋਣ ਦਾ ਦਸਤਾਵੇਜ਼ੀਕਰਨ ਕੀਤਾ ਹੈ। ਉਸ ਨੇ ਕਿਹਾ ਕਿ ਇਸ ਦੇ ਸੋਧ ਤੋਂ ਸੰਕੇਤ ਮਿਲਦਾ ਹੈ ਕਿ ਘੱਟ ਤੋਂ ਘੱਟ 53 ਹੋਰ ਕਤਲ ਅਤੇ ਵਿਅਕਤੀਆਂ ਦੇ ਗਾਇਬ ਹੋਣ ਦੇ ਮਾਮਲੇ ਵੀ ਹਨ।