ਤਾਲਿਬਾਨ ਦੀ ਚਿਤਾਵਨੀ ਦੇ ਬਾਵਜੂਦ ਪਾਕਿ ਵਲੋਂ ਡੂਰੰਡ ਲਾਈਨ ''ਤੇ ਕੰਡਿਆਲੀ ਤਾਰ ਲਾਉਣ ਦਾ ਕੰਮ 94 ਫੀਸਦੀ ਪੂਰਾ

Sunday, Jan 09, 2022 - 01:38 PM (IST)

ਤਾਲਿਬਾਨ ਦੀ ਚਿਤਾਵਨੀ ਦੇ ਬਾਵਜੂਦ ਪਾਕਿ ਵਲੋਂ ਡੂਰੰਡ ਲਾਈਨ ''ਤੇ ਕੰਡਿਆਲੀ ਤਾਰ ਲਾਉਣ ਦਾ ਕੰਮ 94 ਫੀਸਦੀ ਪੂਰਾ

ਇੰਟਰਨੈਸ਼ਨਲ ਡੈਸਕ - ਤਾਲਿਬਾਨ ਦੀ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣ ਨੂੰ ਲੈ ਕੇ  ਇਤਰਾਜ਼ਾਂ ਦੇ ਵਿਚਕਾਰ, ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਡੂਰੰਡ ਲਾਈਨ 'ਤੇ ਕੰਡਿਆਲੀ ਤਾਰ ਲਗਾਉਣ ਦਾ 94 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਅਫਗਾਨਿਸਤਾਨ ਦੇ ਮੀਡੀਆ ਨੇ ਇਹ ਜਾਣਕਾਰੀ ਪਾਕਿਸਤਾਨੀ ਫੌਜੀ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ। ਟੋਲੋ ਨਿਊਜ਼ ਨੇ ਪਾਕਿਸਤਾਨੀ ਫੌਜ ਦੇ ਬੁਲਾਰੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਇਸ ਦੋਹਾਂ ਦੇਸ਼ਾਂ ਅਤੇ ਇਸ ਦੀ ਜਨਤਾ ਦੀ ਸੁਰੱਖਿਆ ਲਈ ਬਿਹਤਰ ਫ਼ੈਸਲਾ ਦੱਸਿਆ ਹੈ।

ਪਾਕਿਸਤਾਨੀ ਫੌਜ ਦੇ ਬੁਲਾਰੇ ਬਾਬਰ ਇਫਤਿਖਾਰ ਨੇ ਕਿਹਾ, 'ਪਾਕਿ ਇਸ ਕੰਮ ਨੂੰ ਪੂਰਾ ਕਰੇਗਾ। ਇਹ ਦੋਵੇਂ ਪਾਸੇ ਦੀ ਜਨਤਾ ਦੀ ਸੁਰੱਖਿਆ ਲਈ ਚੰਗਾ ਹੈ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਅਨੁਸਾਰ ਪਾਕਿਸਤਾਨ ਨੂੰ ਅਫਗਾਨਿਸਤਾਨ ਦੀ ਸਰਹੱਦ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ। ਇਸ ਲਈ ਉਹ ਕੰਡਿਆਲੀ ਵਾੜ ਨਹੀਂ ਲਗਾ ਸਕਦਾ। ਤਾਲਿਬਾਨ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਡੂਰੰਡ ਲਾਈਨ 'ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਕਰਕੇ ਕਬੀਲਿਆਂ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰੇ।

ਲੰਬੇ ਸਮੇਂ ਤੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਡੂਰੰਡ ਲਾਈਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਦੱਸ ਦੇਈਏ ਕਿ ਇਸ ਲਾਈਨ ਦੇ ਦੋਵੇਂ ਪਾਸੇ ਪਸ਼ਤੂਨ ਭਾਈਚਾਰੇ ਰਹਿੰਦੇ ਹਨ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਪਸ਼ਤੂਨ ਭਾਈਚਾਰਾ ਰਵਾਇਤੀ ਤੌਰ 'ਤੇ ਅਫਗਾਨ ਮੂਲ ਦਾ ਹੈ ਅਤੇ ਉਹ ਖੇਤਰ ਜਿੱਥੇ ਉਹ ਰਹਿੰਦੇ ਹਨ, ਉਨ੍ਹਾਂ ਦਾ ਹੈ। ਪਾਕਿਸਤਾਨ ਨੂੰ ਇਸ ਬਾਰੇ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ।

ਡੂਰੰਡ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਦੀ ਸਰਹੱਦ ਨੂੰ ਕਿਹਾ ਜਾਂਦਾ ਹੈ। ਪਿਛਲੀ ਅਫਗਾਨ ਸਰਕਾਰ ਅਤੇ ਤਾਲਿਬਾਨ ਨੇ ਵੀ ਲੰਬੇ ਸਮੇਂ ਤੋਂ ਡੂਰੰਡ ਲਾਈਨ ਦਾ ਵਿਰੋਧ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਪਾਕਿਸਤਾਨ ਦੇ ਇਕ ਪਸ਼ਤੋ ਚੈਨਲ ਨੂੰ ਦੱਸਿਆ ਸੀ ਕਿ ਅਫਗਾਨ ਪਾਕਿਸਤਾਨ ਵਲੋਂ ਡੂਰੰਡ ਲਾਈਨ 'ਤੇ ਲਗਾਈ ਗਈ ਵਾੜ ਦਾ ਵਿਰੋਧ ਕਰਦੇ ਹਨ ਪਰ ਕੰਡਿਆਲੀ ਤਾਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।


author

rajwinder kaur

Content Editor

Related News