ਚੀਨ ਦੀ ਧਮਕੀ ਦਾ ਤਾਈਵਾਨ ਨੇ ਦਿੱਤਾ ਮੂੰਹ ਤੋੜ ਜਵਾਬ, ਕਿਹਾ-ਕੋਈ ਸਮਝੌਤਾ ਮਨਜ਼ੂਰ ਨਹੀਂ
Monday, Oct 17, 2022 - 12:32 PM (IST)
ਬੀਜਿੰਗ: ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਦੇ ਪਹਿਲੇ ਦਿਨ ਰਾਸ਼ਟਰਪਤੀ ਸ਼ੀ ਜਿਨਪਿੰਗ ਤਾਈਵਾਨ ਨੂੰ ਲੈ ਕੇ ਗਰਜ਼ੇ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁੱਲ੍ਹੇਆਮ ਜੰਗ ਅਤੇ ਕਬਜ਼ੇ ਦੀ ਧਮਕੀ ਦਿੱਤੀ। ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਮੀਟਿੰਗ ਦੇ ਉਦਘਾਟਨੀ ਭਾਸ਼ਣ ਵਿੱਚ ਸਪੱਸ਼ਟ ਕੀਤਾ ਕਿ ਅਸੀਂ ਤਾਈਵਾਨ ਦੇ ਮਾਮਲੇ ’ਚ ਤਾਕਤ ਦੀ ਵਰਤੋਂ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਦਾ ਹਲ ਚੀਨ ਦੀ ਜਨਤਾ ਕਰੇਗੀ ਅਤੇ ਅਸੀਂ ਇਸ ਦਾ ਸ਼ਾਂਤੀਪੂਰਨ ਹੱਲ ਲੱਭਣਾ ਚਾਹੁੰਦੇ ਹਾਂ।
ਦੂਜੇ ਪਾਸੇ ਤਾਈਵਾਨ ਨੇ ਵੀ ਚੀਨ ਦੇ ਰਾਸ਼ਟਰਪਤੀ ਦੇ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ। ਤਾਈਵਾਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਪ੍ਰਭੂਸੱਤਾ, ਆਜ਼ਾਦੀ ਅਤੇ ਲੋਕਤੰਤਰ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਜਿਨਪਿੰਗ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਰਾਸ਼ਟਰੀ ਏਕਤਾ ਦਾ ਇਤਿਹਾਸਕ ਪਹੀਆ ਅੱਗੇ ਵਧ ਰਿਹਾ ਹੈ। ਮਾਤ ਭੂਮੀ ਦੇ ਸੰਪੂਰਨ ਏਕੀਕਰਨ ਦਾ ਟੀਚਾ ਨਿਸ਼ਚਿਤ ਤੌਰ 'ਤੇ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਭਾਸ਼ਣ 'ਤੇ ਖੂਬ ਤਾੜੀਆਂ ਵਜਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਬਾਅਦ ਤੋਂ ਚੀਨ ਦਾ ਰੁਖ ਇਸ ਨੂੰ ਲੈ ਕੇ ਕਾਫੀ ਹਮਲਾਵਰ ਰਿਹਾ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ, ਅਜਿਹੇ 'ਚ ਉਸ ਨੂੰ ਅਮਰੀਕਾ ਦੀ ਦਖਲਅੰਦਾਜ਼ੀ ਬਿਲਕੁਲ ਪਸੰਦ ਨਹੀਂ ਹੈ। ਨੈਨਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਨੇ ਤਾਇਵਾਨ ਦੇ ਸਰਹੱਦੀ ਇਲਾਕਿਆਂ 'ਚ ਲੜਾਕੂ ਜਹਾਜ਼ ਉਡਾਏ ਸਨ। ਹੁਣ ਚੀਨ ਦੀਆਂ ਇਹ ਫੌਜੀ ਗਤੀਵਿਧੀਆਂ ਭਾਵੇਂ ਘੱਟ ਗਈਆਂ ਹੋਣ ਪਰ ਇਨ੍ਹਾਂ ਦੀ ਪ੍ਰਕਿਰਿਆ ਰੁਕੀ ਨਹੀਂ ਹੈ।