ਨਵੇਂ ਸਾਲ ''ਤੇ ਜੰਗ ਦੀ ਦਸਤਕ: ਚੀਨ ਵੱਲੋਂ ਤਾਈਵਾਨ ਦੀ ਘੇਰਾਬੰਦੀ, 77 ਜੰਗੀ ਜਹਾਜ਼ ਤੇ 17 ਜੰਗੀ ਬੇੜੇ ਤਾਇਨਾਤ

Wednesday, Dec 31, 2025 - 02:11 PM (IST)

ਨਵੇਂ ਸਾਲ ''ਤੇ ਜੰਗ ਦੀ ਦਸਤਕ: ਚੀਨ ਵੱਲੋਂ ਤਾਈਵਾਨ ਦੀ ਘੇਰਾਬੰਦੀ, 77 ਜੰਗੀ ਜਹਾਜ਼ ਤੇ 17 ਜੰਗੀ ਬੇੜੇ ਤਾਇਨਾਤ

ਬੀਜਿੰਗ/ਤਾਈਪੇ : ਪੂਰਬੀ ਏਸ਼ੀਆ 'ਚ ਹਾਲਾਤ ਤੇਜ਼ੀ ਨਾਲ ਜੰਗ ਵੱਲ ਵਧਦੇ ਨਜ਼ਰ ਆ ਰਹੇ ਹਨ। ਚੀਨ ਨੇ ਤਾਈਵਾਨ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ ਹਮਲਾਵਰ ਫੌਜੀ ਪ੍ਰਦਰਸ਼ਨ ਕਰਦੇ ਹੋਏ ਟਾਪੂ ਦੇ ਚਾਰੇ ਪਾਸੇ ਹਵਾਈ ਤੇ ਸਮੁੰਦਰੀ ਨਾਕਾਬੰਦੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਖੇਤਰੀ ਸਥਿਰਤਾ ਲਈ ਇੱਕ ਗੰਭੀਰ ਖਤਰਾ ਕਰਾਰ ਦਿੱਤਾ ਹੈ।

35 ਫਾਈਟਰ ਜੈੱਟਾਂ ਨੇ ਪਾਰ ਕੀਤੀ ਮੱਧ ਰੇਖਾ
ਤਾਈਵਾਨੀ ਰੱਖਿਆ ਮੰਤਰਾਲੇ (MND) ਦੇ ਅੰਕੜਿਆਂ ਅਨੁਸਾਰ, ਬੁੱਧਵਾਰ ਸਵੇਰੇ 6 ਵਜੇ ਤੱਕ ਚੀਨ ਦੇ 77 ਫੌਜੀ ਜਹਾਜ਼ ਅਤੇ 17 ਜੰਗੀ ਬੇੜੇ ਤਾਈਵਾਨ ਦੇ ਨੇੜੇ ਸਰਗਰਮ ਪਾਏ ਗਏ। ਇਨ੍ਹਾਂ 'ਚੋਂ 35 ਲੜਾਕੂ ਜਹਾਜ਼ਾਂ ਨੇ ਤਾਈਵਾਨ ਜਲਡਮਰੂਮੱਧ (Taiwan Strait) ਦੀ ਸੰਵੇਦਨਸ਼ੀਲ ਮੱਧ ਰੇਖਾ ਨੂੰ ਪਾਰ ਕੀਤਾ, ਜਿਸ ਨੂੰ ਸਿੱਧੇ ਤੌਰ 'ਤੇ ਤਾਈਵਾਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਹ ਜਹਾਜ਼ ਤਾਈਵਾਨ ਦੇ ਉੱਤਰੀ, ਮੱਧ ਅਤੇ ਦੱਖਣ-ਪੱਛਮੀ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ADIZ) 'ਚ ਦਾਖਲ ਹੋਏ।

ਤਾਈਵਾਨ ਦੀ ਪ੍ਰਤੀਕਿਰਿਆ ਅਤੇ 'ਜਸਟਿਸ ਮਿਸ਼ਨ 2025'
ਤਾਈਵਾਨ ਦੇ ਰੱਖਿਆ ਮੰਤਰੀ ਵੇਲਿੰਗਟਨ ਕੂ ਨੇ ਚੀਨ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ "ਉਕਸਾਵੇ ਵਾਲੀਆਂ ਅਤੇ ਖਤਰਨਾਕ" ਦੱਸਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਨਾਲ ਨਾ ਸਿਰਫ ਖੇਤਰੀ ਸ਼ਾਂਤੀ ਨੂੰ ਖਤਰਾ ਹੈ, ਬਲਕਿ ਨਾਗਰਿਕ ਹਵਾਈ ਅਤੇ ਸਮੁੰਦਰੀ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ, ਇਸ ਫੌਜੀ ਹਲਚਲ ਨੂੰ ਚੀਨ ਦੀ ਪੀ.ਐੱਲ.ਏ. (PLA) ਈਸਟਰਨ ਥੀਏਟਰ ਕਮਾਂਡ ਵੱਲੋਂ ਚਲਾਏ ਜਾ ਰਹੇ ਅਭਿਆਸ ‘ਜਸਟਿਸ ਮਿਸ਼ਨ 2025’ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਚੀਨੀ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਰਾਕੇਟ ਫੋਰਸ ਸਾਂਝੇ ਤੌਰ 'ਤੇ ਅਭਿਆਸ ਕਰ ਰਹੀਆਂ ਹਨ।

ਵਧਦਾ ਜਾ ਰਿਹਾ ਹੈ ਦਬਾਅ
ਗੌਰਤਲਬ ਹੈ ਕਿ ਤਣਾਅ ਲਗਾਤਾਰ ਵਧ ਰਿਹਾ ਹੈ, ਕਿਉਂਕਿ ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਵੀ ਤਾਈਵਾਨ ਨੇ ਆਪਣੇ ਆਲੇ-ਦੁਆਲੇ 130 ਚੀਨੀ ਜਹਾਜ਼ ਅਤੇ 14 ਜੰਗੀ ਬੇੜੇ ਦਰਜ ਕੀਤੇ ਸਨ। ਮਾਹਰਾਂ ਅਨੁਸਾਰ, ਬੀਜਿੰਗ ਦੀ ਇਹ ਰਣਨੀਤੀ ਤਾਈਵਾਨ 'ਤੇ ਦਬਾਅ ਵਧਾਉਣ ਦੀ ਹੈ, ਜਿਸ ਕਾਰਨ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਜੰਗ ਦਾ ਖਤਰਾ ਹੋਰ ਗਹਿਰਾ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News