ਪੰਜਾਬ ਤੋਂ ਆਏ ਪੰਜਾਬੀ ਪੱਤਰਕਾਰ ਸਵਰਨ ਟਹਿਣਾ ਪੰਜਾਬੀਆਂ ਦੇ ਰੂ-ਬ-ਰੂ ਹੋਏ

08/19/2018 3:08:47 PM

ਕੈਲਗਰੀ (ਬਿਊਰੋ)— ਕੈਨੇਡਾ ਤੇ ਪੰਜਾਬ ਦਰਮਿਆਨ ਖ਼ਬਰਾਂ ਤੇ ਹੋਰ ਟੀ. ਵੀ. ਪ੍ਰੋਗਰਾਮਾਂ ਦੇ ਜ਼ਰੀਏ ਪੁਲ ਦਾ ਕੰਮ ਕਰਨ ਵਾਲੇ ਪੱਤਰਕਾਰ ਸਵਰਨ ਟਹਿਣਾ ਇਨ੍ਹੀਂ ਦਿਨੀਂ ਕੈਨੇਡਾ ਫੇਰੀ 'ਤੇ ਹਨ। ਪੱਤਰਕਾਰੀ ਦੇ ਖੇਤਰ 'ਚ ਉਨ੍ਹਾਂ ਦੀ ਲਿਖਣ ਤੇ ਬੋਲਣ ਸ਼ੈਲੀ ਦੀ ਬੇਬਾਕੀ, ਸ਼ੁੱਧਤਾ ਉੱਪਰ ਪਕੜ ਉਪਰੰਤ ਪੇਸ਼ਕਾਰੀ ਦੇ ਸਨਮਾਨ ਵਜੋਂ ਕੈਨੇਡਾ ਤੋਂ ਛੱਪਦੇ ਪੰਜਾਬੀ ਅਖ਼ਬਾਰ ਵਲੋਂ ਮਾਣ-ਸਨਮਾਨ ਤੇ ਕੈਲਗਰੀ ਵਾਸੀਆਂ ਨਾਲ ਖੁੱਲ੍ਹੀਆਂ ਗੱਲਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਪੰਜਾਬੀ ਸਾਹਿਤ ਸਭਾ ਵਲੋਂ ਮਾਣ ਪੱਤਰ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਪ੍ਰਧਾਨ ਸੁਰਿੰਦਰ ਗੀਤ ਵਲੋਂ ਪੜ੍ਹਿਆ ਤੇ ਭੇਟ ਕੀਤਾ ਗਿਆ। ਮਲਕੀਤ ਸਿੱਧੂ ਨੇ ਵਿਅੰਗਮਈ ਕਵਿਤਾ ਦੇ ਜ਼ਰੀਏ ਟਹਿਣਾ ਨੂੰ ਜੀ ਆਇਆਂ ਕਿਹਾ। ਲੋਕ ਗਾਇਕ ਜਰਨੈਲ ਐਲੋਂ ਨੇ ਮਾਂ ਬੋਲੀ ਪੰਜਾਬੀ ਬਾਰੇ ਬੁਲੰਦ ਆਵਾਜ਼ 'ਚ ਬੋਲ ਬੋਲੇ। ਜ਼ੀਰੇ ਵਾਲੇ ਕਵੀਸ਼ਰ ਮਾਸਟਰ ਬਚਿੱਤਰ ਗਿੱਲ ਨੇ 'ਕਿਸ ਕਿਸ ਨੂੰ ਪੂਜੋਂਗੇ ਫਿਰਦੇ ਹਨ ਸਾਧਾਂ ਦੇ ਟੋਲੇ' ਗਾਉਣ ਤੋਂ ਬਾਅਦ ਪੰਜਾਬੀ ਅਖ਼ਬਾਰ ਦੇ ਸੰਪਾਦਕ ਹਰਬੰਸ ਬੁੱਟਰ ਨੇ ਸਵਰਨ ਟਹਿਣਾ ਦੀ ਇਸ ਫੇਰੀ ਬਾਰੇ ਕੈਲਗਰੀ 'ਚ ਵੱਸਦੇ ਉਸ ਨੂੰ ਚਾਹੁਣ ਵਾਲਿਆਂ ਦੇ ਮਨ ਦੀ ਬਾਤ ਕਰਦਿਆਂ ਸ਼ਬਦੀ ਪਲੈਕ ਦੇ ਜ਼ਰੀਏ ਮਾਣ ਦਿੱਤਾ।PunjabKesari

'ਨੀਂ ਅੱਜ ਕੋਈ ਆਇਆ ਸਾਡੇ ਵਿਹੜੇ' ਦੀ ਰੀਤ ਅਨੁਸਾਰ ਸ਼ਗਨਾਂ ਭਰੀ ਜੀ ਆਇਆਂ ਨੂੰ ਕਹਿੰਦੀ ਲਾਲ ਸੁਰਖ਼ ਪੋਟਲੀ, ਦਰਸ਼ਨ ਸਿੱਧੂ, ਗੁਰਪਰੀਤ ਸਿੱਧੂ ਰਾਣਾ, ਪਾਲ ਸੇਖੋਂ, ਜਗਰੂਪ ਕਾਹਲੋਂ, ਰਿੱਕੀ ਕਲੇਰ, ਲੋਕ ਗਾਇਕ ਦਰਸ਼ਨ ਖੇਲਾ, ਬਿੱਕਰ ਸੰਧੂ, ਰਾਜ ਚਾਹਲ ਤੇ ਰਿਸ਼ੀ ਨਾਗਰ ਨੇ ਭੇਟ ਕੀਤੀ। ਇਸ ਉਪਰੰਤ ਸਵਰਨ ਟਹਿਣਾ ਨੇ ਇਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਪੰਜਾਬੀਆਂ ਦੇ ਖਚਾਖਚ ਭਰੇ ਹੋਏ ਵੱਡ-ਆਕਾਰੀ ਹਾਲ ਅੰਦਰ ਪੰਜਾਬ ਤੇ ਪੰਜਾਬੀ ਦੀ ਮੌਜੂਦਾ ਪੱਤਰਕਾਰੀ ਬਾਰੇ ਗੱਲਬਾਤ ਕੀਤੀ। ਦਿਨੋਂ-ਦਿਨ ਉਸਰਦੇ ਗੁੰਬਦਾਂ ਵਾਲੇ ਧਾਰਮਿਕ ਸਥਾਨ, ਤਾਂਤਰਿਕ ਜਗਤ ਦਾ ਮੀਡੀਆ ਜ਼ਰੀਏ ਕੂੜ ਪ੍ਰਚਾਰ, ਲੋਕਾਂ ਦੇ ਖ਼ਬਰ ਜਗਤ ਨਾਲ ਸਬੰਧਾਂ ਬਾਰੇ ਗੱਲਾਂ ਹੋਈਆਂ। ਬੁਲਾਰਿਆਂ ਤੇ ਹਾਲ ਅੰਦਰ ਪੁੱਜੇ ਦਰਸ਼ਕ ਰੂਪੀ ਸਰੋਤਿਆਂ ਨਾਲ ਜੋੜਨ ਦੀ ਜ਼ਿੰਮੇਵਾਰੀ ਰੇਡੀਓ ਰੈੱਡ ਐੱਫ ਐੱਮ ਕੈਲਗਰੀ ਦੇ ਨਿਊਜ਼ ਮੈਨੇਜਰ ਰਿਸ਼ੀ ਨਾਗਰ ਨੇ ਨਿਭਾਈ । ਵਰਨਣਯੋਗ ਹੈ ਕਿ ਸਵਰਨ ਟਹਿਣਾ ਲੰਮੇ ਅਰਸੇ ਤੋਂ 'ਪੰਜਾਬੀ ਅਖ਼ਬਾਰ' 'ਚ ਆਪਣਾ ਕਾਲਮ 'ਟਹਿਣੇ ਦੇ ਕੀ ਕਹਿਣੇ' ਰਾਹੀਂ ਪੰਜਾਬ ਦੀਆਂ ਰਾਜਨੀਤਕ ਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜ ਕੇ ਰੱਖਦੇ ਹਨ।


Related News