ਕੈਨੇਡਾ 'ਚ ਇਕੋ ਨਾਂ ਦੇ 2 ਪੰਜਾਬੀ ਨੌਜਵਾਨਾਂ ਦਾ ਕਤਲ, ਬੁੱਝੇ ਦੋ ਘਰਾਂ ਦੇ ਚਿਰਾਗ (ਵੀਡੀਓ)
Wednesday, Jun 06, 2018 - 03:41 PM (IST)
ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ ਪੁਲਸ ਨੂੰ ਦੋ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਵਲੂੰਧਰ ਗਿਆ। ਮ੍ਰਿਤਕਾਂ ਦੀ ਪਛਾਣ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਵਜੋਂ ਕੀਤੀ ਗਈ ਹੈ। ਇਹ ਦੋਵੇਂ ਸਰੀ ਦੇ ਸਕੂਲ 'ਚ ਪੜ੍ਹਦੇ ਸਨ। ਇਹ ਖਬਰ ਮਿਲਦਿਆਂ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ, ਸਾਥੀ ਅਤੇ ਅਧਿਆਪਕਾਂ ਨੂੰ ਡੂੰਘਾ ਦੁੱਖ ਪੁੱਜਾ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਖੇਡਦੇ-ਖੇਡਦੇ ਗੱਡੀ 'ਚ ਬੈਠੇ ਅਤੇ ਹੁਣ ਖਬਰ ਮਿਲੀ ਕਿ ਉਨ੍ਹਾਂ ਦੀ ਮੌਤ ਹੋ ਗਈ। ਕੈਨੇਡਾ ਦੀ ਇਨਟੇਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ 10.30 ਵਜੇ ਤੋਂ ਬਾਅਦ ਸਾਊਥ ਸਰੀ ਦੇ ਕੈਂਪਬੈੱਲ ਹਾਈਟਸ ਦੇ ਨੇੜੇ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਮਿਲੀਆਂ।
ਸਰੀ ਪੁਲਸ ਨੇ ਦੱਸਿਆ ਕਿ ਲਾਸ਼ਾਂ 192 ਸਟਰੀਟ ਅਕੇ 40ਵੇਂ ਅਵੈਨਿਊ ਦੀਆਂ ਸੜਕਾਂ 'ਤੇ ਪਈਆਂ ਸਨ। ਜਦ ਪੁਲਸ ਮੁਲਾਜ਼ਮ ਵਾਰਦਾਤ ਵਾਲੀ ਥਾਂ 'ਤੇ ਪੁੱਜੇ ਤਾਂ ਦੇਖਿਆ ਕਿ ਦੋਹਾਂ ਦੇ ਸਰੀਰਾਂ 'ਤੇ ਗੋਲੀਆਂ ਦੇ ਨਿਸ਼ਾਨ ਸਨ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਦੋ ਵੱਖ-ਵੱਖ ਥਾਂਵਾਂ 'ਤੇ ਸੜੀਆਂ ਹੋਈਆਂ ਕਾਰਾਂ ਮਿਲਣ ਦੀ ਖਬਰ ਮਿਲੀ ਸੀ। ਪੁਲਸ ਮੁਤਾਬਕ ਇਕ ਕਾਰ 4 ਜੂਨ ਨੂੰ ਸਰੀ ਦੇ 184 ਸਟਰੀਟ ਅਤੇ 29 ਏ ਅਵੈਨਿਊ 'ਚ ਰਾਤ ਲਗਭਗ 9.45 ਵਜੇ ਸਾੜੀ ਗਈ। ਦੂਜੀ ਕਾਰ ਇਸ ਤੋਂ ਥੋੜੀ ਦੇਰ ਬਾਅਦ ਲਗਭਗ 11 ਵਜੇ ਸਾੜੀ ਗਈ ਅਤੇ ਇਹ ਘਟਨਾ 177 ਸਟਰੀਟ ਅਤੇ 93ਵੇਂ ਅਵੈਨਿਊ 'ਤੇ ਵਾਪਰੀ। ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਵਾਰਦਾਤ ਸੰਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਸ ਨੂੰ ਜਾਣਕਾਰੀ ਜ਼ਰੂਰ ਦੇਣ। ਫਿਲਹਾਲ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।