''ਝੂਠੀ ਅਣਖ'' ਖਾਤਰ ਪੰਜਾਬ ''ਚ ਖੂਨੀ ਦਾਸਤਾਨ ਲਿਖਣ ਵਾਲੀ ਮਾਂ ਅਤੇ ਮਾਮੇ ਨੇ ਖੜ੍ਹਕਾਇਆ ਕੈਨੇਡਾ ਦੇ ਸੁਪਰੀਮ ਕੋਰਟ ਦਾ

03/19/2017 6:20:36 PM

ਟੋਰਾਂਟੋ— ਕੈਨੇਡਾ ਵਿਚ ਬੈਠ ਕੇ ਪੰਜਾਬ ਵਿਚ ਆਪਣੇ ਧੀ ਅਤੇ ਜਵਾਈ ਦੇ ਕਤਲ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ ਲਿਖਣ ਵਾਲੀ ਮਾਂ ਅਤੇ ਮਾਮੇ ਨੇ ਭਾਰਤ ਹਵਾਲਗੀ ਦੇ ਖਿਲਾਫ ਕੈਨੇਡਾ ਦੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਨ੍ਹਾਂ ਦੋਹਾਂ ਦੋਸ਼ੀਆਂ ਨੇ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੀਆਂ  ਸੰਘੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। 
ਇੱਥੇ ਦੱਸ ਦੇਈਏ ਕਿ ਸਾਲ 2000 ਵਿਚ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਵਿਚ ਬੈਠੀ ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਉਸ ਦੇ ਮਾਮੇ ਸੁਰਜੀਤ ਬੰਦੇਸ਼ਾ ਨੇ ਰਚੀ ਸੀ। ਕੈਨਡਾ ਵਿਚ ਪੈਦਾ ਹੋਈ ਜੱਸੀ ਨੇ ਪੰਜਾਬ ਦੇ ਰਹਿਣ ਵਾਲੇ ਇਕ ਆਟੋ ਡਰਾਈਵਰ ਸੁਖਵਿੰਦਰ ਸਿੰਘ (ਮਿੱਠੂ) ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਦੋਹਾਂ ਦੀ ਮੁਲਾਕਾਤ ਜਗਰਾਓਂ ਵਿਚ 1996 ਵਿਚ ਹੋਈ ਸੀ। ਪਹਿਲੀ ਮੁਲਾਕਾਤ ਵਿਚ ਹੀ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ। 1999 ਵਿਚ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਜੱਸੀ ਨੇ ਗੁਪਤ ਤਰੀਕੇ ਨਾਲ ਮਿੱਠੂ ਨਾਲ ਵਿਆਹ ਕਰਵਾ ਲਿਆ। ਸਾਲ 2000 ਵਿਚ ਮਿੱਠੂ ਦੇ ਪਿੰਡ ਨੇੜੇ ਹੀ ਜੱਸੀ ਦਾ ਕਤਲ ਕਰਵਾ ਦਿੱਤਾ ਗਿਆ। ਉਸ ਦੀ ਲਾਸ਼ ਪੰਜਾਬ ਵਿਚ ਇਕ ਨਹਿਰ ਤੋਂ ਮਿਲੀ ਸੀ। ਸੁਰਜੀਤ ਬੰਦੇਸ਼ਾ ਅਤੇ ਮਲਕੀਤ ਕੌਰ ਦੇ ਕਿਰਾਏ ਦੇ ਹਤਿਆਰਿਆਂ ਨੇ ਮਿੱਠੂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਸੀ। ਸਬੂਤਾਂ ਤੋਂ ਇਨ੍ਹਾਂ ਕਤਲਾਂ ਵਿਚ ਬੰਦੇਸ਼ਾ ਅਤੇ ਮਲਕੀਤ ਕੌਰ ਦੀ ਭੂਮਿਕਾ ਸਾਫ ਹੋ ਗਈ। ਮਈ, 2014 ਨੂੰ ਸੁਪਰੀਮ ਕੋਰਟ ਨੇ ਦੋਹਾਂ ਦੋਸ਼ੀਆਂ ਨੂੰ ਇਸ ਮਾਮਲੇ ਦੀ ਸੁਣਵਾਈ ਲਈ ਭਾਰਤ ਭੇਜਣ ਦੇ ਹੁਕਮ ਦਿੱਤੇ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ ਦੀ ਅਪੀਲੀ ਅਦਾਲਤ ਨੇ ਭਾਰਤ ਵਿਚ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਣ ਦੇ ਸ਼ੱਕ ਵਿਚ ਇਹ ਫੈਸਲਾ ਬਦਲ ਦਿੱਤਾ ਸੀ ਪਰ ਭਾਰਤੀ ਅਦਾਲਤਾਂ ਦੀਆਂ ਕੋਸ਼ਿਸ਼ਾਂ ਸਦਕਾ ਦੋਹਾਂ ਦੋਸ਼ੀਆਂ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ ''ਤੇ ਦੁਬਾਰਾ ਸੁਣਵਾਈ ਸ਼ੁਰੂ ਹੋਈ ਸੀ। ਇਸ ਦੇ ਖਿਲਾਫ ਹੁਣ ਦੋਵੇਂ ਦੋਸ਼ੀਆਂ ਨੇ ਭਾਰਤੀ ਜੇਲਾਂ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪਿੱਠਭੂਮੀ ''ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਹੈ। ਫਿਲਹਾਲ ਦੋਵੇਂ ਦੋਸ਼ੀ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵਿਚ ਬੰਦ ਹਨ ਪਰ ਉਨ੍ਹਾਂ ਦੀ ਭਾਰਤ ਹਵਾਲਗੀ ਦਾ ਮਾਮਲਾ ਲੰਬਾ ਖਿੱਚਦਾ ਜਾ ਰਿਹਾ ਹੈ।

Kulvinder Mahi

News Editor

Related News